ਨਵੀਂ ਦਿੱਲੀ (ਪੀਟੀਆਈ) : ਭਾਜਪਾ ਦੇ ਸੰਸਦ ਮੈਂਬਰ ਅਤੇ ਬੀਸੀਸੀਆਈ ਪ੍ਰਧਾਨ ਅਨੁਰਾਗ ਠਾਕੁਰ ਪ੍ਰਾਦੇਸ਼ਿਕ ਸੈਨਾ 'ਚ ਅਧਿਕਾਰੀ ਦੇ ਤੌਰ 'ਤੇ ਨਵੀਂ ਪਾਰੀ ਖੇਡਣ ਲਈ ਤਿਆਰ ਹਨ। 41 ਸਾਲਾਂ ਦੇ ਅਨੁਰਾਗ ਸ਼ੁੱਕਰਵਾਰ ਨੂੰ ਪ੍ਰਾਦੇਸ਼ਿਕ ਸੈਨਾ 'ਚ ਰੈਗੂਲਰ ਅਧਿਕਾਰ ਦੇ ਤੌਰ 'ਤੇ ਸ਼ਾਮਲ ਹੋ ਜਾਣਗੇ। ਫ਼ੌਜੀ ਸੇਵਾ ਵਿਚ ਸ਼ਾਮਲ ਹੋਣ ਵਾਲੇ ਉਹ ਪਹਿਲੇ ਮੌਜੂਦਾ ਭਾਜਪਾ ਸੰਸਦ ਮੈਂਬਰ ਹੋਣਗੇ। ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਲੋਕ ਸਭਾ ਲਈ ਚੁਣੇ ਗਏ ਹਨ। ਇਸ ਤੋਂ ਪਹਿਲਾਂ ਕਈ ਸਾਬਕਾ ਫ਼ੌਜੀ ਅਧਿਕਾਰੀ ਭਾਜਪਾ ਵੱਲੋਂ ਸੰਸਦ ਮੈਂਬਰ, ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਨ੍ਹਾਂ ਵਿਚ ਜਸਵੰਤ ਸਿੰਘ, ਵੀਕੇ ਸਿੰਘ ਅਤੇ ਭੁਵਨ ਚੰਦਰ ਖੰਡੂਰੀ ਵਰਗੇ ਨਾਂ ਸ਼ਾਮਲ ਹਨ।
ਪ੍ਰਾਦੇਸ਼ਿਕ ਸੈਨਾ ਵਿਚ ਅਨੁਰਾਗ ਦੀ ਚੋਣ ਲਿਖਤੀ ਪ੍ਰੀਖਿਆ ਪਾਸ ਕਰਨ ਅਤੇ ਚੰਡੀਗੜ੍ਹ ਵਿਚ ਕਰਵਾਈ ਇੰਟਰਵਿਊ ਜ਼ਰੀਏ ਹੋਈ ਹੈ। ਇਸ ਤੋਂ ਬਾਅਦ ਭੋਪਾਲ ਵਿਚ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ। ਹੁਣ ਰੈਗੂਲਰ ਅਧਿਕਾਰੀ ਦੇ ਤੌਰ 'ਤੇ ਉਨ੍ਹਾਂ ਨੂੰ ਫਿਰ ਤੋਂ ਜ਼ਰੂਰੀ ਸਿਖਲਾਈ ਤੋਂ ਗੁਜ਼ਰਨਾ ਹੋਵੇਗਾ। ਆਪਣੀ ਇਸ ਉਪਲੱਬਧੀ 'ਤੇ ਅਨੁਰਾਗ ਨੇ ਕਿਹਾ ਕਿ ਇਹ ਮੇਰੇ ਲਈ ਸੁਪਨਾ ਸੱਚ ਹੋਣ ਵਰਗਾ ਹੈ। ਹੁਣ ਮੈਂ ਆਪਣੀ ਸਿਖਲਾਈ ਅਤੇ ਉਸ ਤੋਂ ਬਾਅਦ ਦੇਸ਼ ਦੀ ਸੇਵਾ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।