- ਸੀਬੀਆਈ ਤੋਂ ਜਾਂਚ ਕਰਵਾਉਣ ਦੀ ਉੱਠੀ ਮੰਗ
- ਦੋ ਦਿਨਾਂ 'ਚ ਸਾਹਮਣੇ ਆ ਜਾਵੇਗਾ ਨਰਸਿੰਘ ਦੀ ਡੋਪਿੰਗ ਟੈਸਟ ਦਾ ਅੰਤਿਮ ਨਤੀਜਾ : ਸਰਕਾਰ
- ਲੋਕ ਸਭਾ ਤੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਤੇ ਸਿਫਰ ਕਾਲ ਦੌਰਾਨ ਉਿਠਆ ਮਾਮਲਾ
ਜਾਗਰਣ ਬਿਊਰੋ, ਨਵੀਂ ਦਿੱਲੀ : ਪਹਿਲਵਾਨ ਨਰਸਿੰਘ ਯਾਦਵ ਦੇ ਰੀਓ ਓਲੰਪਿਕ ਵਿਚ ਜਾਣ ਤੋਂ ਠੀਕ ਪਹਿਲਾਂ ਡੋਪਿੰਗ ਮਾਮਲੇ ਵਿਚ ਫਸ ਜਾਣ ਦਾ ਮਾਮਲਾ ਅੱਜ ਸੰਸਦ ਵਿਚ ਵੀ ਜ਼ੋਰ-ਸ਼ੋਰ ਨਾਲ ਉੱਿਠਆ। ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰਾਂ ਨੇ ਪ੍ਰਸ਼ਨ ਕਾਲ ਅਤੇ ਸਿਫਰ ਕਾਲ ਦੌਰਾਨ ਨਰਸਿੰਘ ਯਾਦਵ ਦੇ ਡੋਪਿੰਗ ਟੈਸਟ ਵਿਚ ਫੇਲ੍ਹ ਹੋਣ ਦੇ ਪਿੱਛੇ ਦੀ ਸਾਜ਼ਿਸ਼ ਸਬੰਧੀ ਸੂਚਨਾਵਾਂ ਨੂੰ ਲੈ ਕੇ ਵੀ ਡੰੂਘਾ ਦੁੱਖ ਦਾ ਇਜ਼ਹਾਰ ਕੀਤਾ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਉਹ ਨਰਸਿੰਘ ਯਾਦਵ ਮਾਮਲੇ ਵਿਚ ਡੋਪਿੰਗ ਟੈਸਟ ਦੇ ਅੰਤਿਮ ਨਤੀਜੇ ਦਾ ਇੰਤਜ਼ਾਰ ਕਰ ਰਹੀ ਹੈ। ਇਹ ਰਿਪੋਰਟ ਦੋ ਦਿਨਾਂ ਅੰਦਰ ਆਵੇਗੀ।
ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਇਸ ਬਾਰੇ ਜਦੋਂ ਕਈ ਸਵਾਲ ਪੁੱਛੇ ਗਏ ਤਾਂ ਯੂਥ ਮਾਮਲੇ ਤੇ ਖੇਡ ਰਾਜ ਮੰਤਰੀ ਵਿਜੇ ਗੋਇਲ ਨੇ ਕਿਹਾ ਕਿ ਸਰਕਾਰ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ। ਵਰਲਡ ਐਂਟੀ ਡੋਪਿੰਗ ਏਜੰਸੀ ਤਹਿਤ ਕੰਮ ਕਰਨ ਵਾਲੀ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੂੰ ਨਮੂਨਾ ਭੇਜਿਆ ਗਿਆ ਹੈ ਅਤੇ ਉਸ ਦੀ ਰਿਪੋਰਟ ਦੋ ਦਿਨਾਂ ਅੰਦਰ ਆਵੇਗੀ। ਤਦ ਤਕ ਨਰਸਿੰਘ ਯਾਦਵ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ। ਗੋਇਲ ਦੇ ਇਸ ਜਵਾਬ ਤੋਂ ਵਿਰੋਧੀ ਧਿਰ ਖਾਸ ਤੌਰ 'ਤੇ ਸੰਤੁਸ਼ਟ ਨਹੀਂ ਸੀ। ਬਾਅਦ ਵਿਚ ਸਿਫਰ ਕਾਲ ਦੌਰਾਨ ਕਾਂਗਰਸ ਦੀ ਸੰਸਦ ਮੈਂਬਰ ਰਣਜੀਤਾ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਇਕ ਖਿਡਾਰੀ ਦੇ ਜੀਵਨ ਤੇ ਕਰੀਅਰ ਨਾਲ ਖਿਲਵਾੜ ਕੀਤਾ ਗਿਆ ਹੈ, ਉਹ ਕਾਫੀ ਚਿੰਤਾ ਦੀ ਗੱਲ ਹੈ। ਬਾਕਸਿੰਗ ਤੇ ਕੁਸ਼ਤੀ ਸੰਘ ਵਿਚ ਕਾਫੀ ਰਾਜਨੀਤੀ ਹੁੰਦੀ ਹੈ। ਸਰਕਾਰ ਵੱਲੋਂ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣੀ ਚਾਹੀਦੀ ਹੈ।
ਸੰਸਦ ਮੈਂਬਰਾਂ ਵੱਲੋਂ ਸਾਰੀਆਂ ਗੈਰ ਕਾਨੂੰਨੀ ਦਵਾਈਆਂ 'ਤੇ ਪਾਬੰਦੀ ਲਗਾਉਣ ਸਬੰਧੀ ਸੁਝਾਅ 'ਤੇ ਵੀ ਸਰਕਾਰ ਵਿਚਾਰ ਕਰੇਗੀ। ਇਹ ਦਵਾਈਆਂ ਖੁੱਲ੍ਹੇਆਮ ਬਾਜ਼ਾਰਾਂ ਵਿਚ ਉਪਲੱਬਧ ਹਨ, ਜਿਨ੍ਹਾਂ ਦੀ ਵਰਤੋਂ ਖਿਡਾਰੀ ਆਪਣੀ ਸਮਰੱਥਾ ਵਧਾਉਣ ਲਈ ਕਰਦੇ ਹਨ, ਪ੍ਰੰਤੂ ਬਾਅਦ ਵਿਚ ਉਨ੍ਹਾਂ ਦੇ ਫੜੇ ਜਾਣ ਨਾਲ ਦੇਸ਼ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਸੰਸਦ ਮੈਂਬਰਾਂ ਨੇ ਦੇਸ਼ ਦੇ ਸਾਰੇ ਖੇਡ ਫੈਡਰੇਸ਼ਨਾਂ ਵਿਚ ਹੋਣ ਵਾਲੀ ਰਾਜਨੀਤੀ ਵੱਲ ਵੀ ਸਰਕਾਰ ਦਾ ਧਿਆਨ ਖਿੱਚਿਆ। ਜ਼ਿਕਰਯੋਗ ਹੈ ਕਿ ਪਹਿਲਵਾਨ ਨਰਸਿੰਘ ਯਾਦਵ ਨੇ ਵੀ ਆਪਣੇ ਡੋਪਿੰਗ ਟੈਸਟ ਵਿਚ ਫੇਲ੍ਹ ਹੋਣ ਦੇ ਪਿੱਛੇ ਡੰੂਘੀ ਸਾਜ਼ਿਸ਼ ਦਾ ਦੋਸ਼ ਲਾਇਆ ਹੈ।
ਰਾਜ ਸਭਾ ਵਿਚ ਕਾਂਗਰਸ ਦੇ ਪ੍ਰਮੋਦ ਤਿਵਾਰੀ ਨੇ ਇਸ ਮੁੱਦੇ ਨੂੰ ਸਿਫਰ ਕਾਲ 'ਚ ਉਠਾਇਆ। ਉਨ੍ਹਾਂ ਕਿਹਾ ਕਿ ਸਾਡੇ ਚੰਗੇ ਖਿਡਾਰੀਆਂ ਖ਼ਿਲਾਫ਼ ਸਾਜ਼ਿਸ਼ ਕੀਤੀ ਜਾ ਰਹੀ ਹੈ। ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਨਰਸਿੰਘ ਯਾਦਵ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬੇਹੱਦ ਗੰਭੀਰ ਦੱਸਦੇ ਹੋਏ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਨਰਸਿੰਘ ਯਾਦਵ ਦੀ ਮੁਅੱਤਲੀ ਤੁਰੰਤ ਵਾਪਸ ਹੋਣੀ ਚਾਹੀਦੀ ਹੈ।