ਸੁਰਿੰਦਰ ਸਿੰਘ ਸ਼ਿੰਦ, ਜਲੰਧਰ : ਕਾਲੀਆ ਕਲੋਨੀ ਵਾਰਡ-2 'ਚ ਸੀਵਰੇਜ ਸਮੱਸਿਆ ਕਿਸੇ ਨਾ ਕਿਸੇ ਤਰ੍ਹਾਂ ਬਣੀ ਰਹਿੰਦੀ ਹੈ, ਕਦੀ ਬਰਸਾਤ ਦਾ ਪਾਣੀ ਤੇ ਕਦੀ ਸੀਵਰੇਜ ਦਾ ਪਾਣੀ ਬੈਕ ਮਾਰਨ ਲੱਗ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦਾ ਪਾਣੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਨਿਕਲ ਜਾਂਦਾ ਹੈ ਪਰ ਸੀਵਰੇਜ 'ਚ ਗਾਰ ਹੋਣ ਕਰਕੇ ਪਾਣੀ ਮੁਹੱਲੇ ਦੀਆਂ ਗਲੀਆਂ 'ਚ ਖੜ੍ਹਾ ਹੋ ਜਾਂਦਾ ਹੈ। ਜਨੇਸ਼ ਜਸਰਾਏ ਇਸ ਬਾਰੇ ਕਮਿਸ਼ਨਰ ਨੂੰ ਵੀ ਕਈ ਵਾਰ ਸ਼ਿਕਾਈਤ ਦੇ ਚੁੱਕੇ ਹਨ ਤੇ ਕਮਿਸ਼ਨਰ ਨੇ ਵੀ ਨਿਗਮ ਦੇ ਕਰਮਾਚਾਰੀਆਂ ਨੂੰ ਫੋਨ ਕਰਕੇ ਇਸਦਾ ਜਲਦੀ ਹਲ ਕੱਢਣ ਬਾਰੇ ਕਿਹਾ। ਜਨੇਸ਼ ਜਸਰਾਏ ਦਾ ਕਹਿਣਾ ਹੈ ਕਾਰਪੋਰੇਸ਼ਨ ਦੇ ਬੰਦੇ ਆਏ ਸੀ ਤੇ ਸੀਵਰੇਜ ਦੇ ਇਕ ਦੋ ਢੱਕਣ ਹੀ ਖੋਲੇ ਤੇ ਸਫਾਈ ਕਰਕੇ ਚਲੇ ਗਏ। ਸੀਵਰੇਜ ਸਾਫ ਕਰਨ ਵਾਲਿਆਂ ਨੇ ਗਾਰ ਕੱਢੀ ਤੇ ਬੱਸ ਚਲਦੇ ਬਣੇ। ਜਨੇਸ਼ ਨੇ ਦੱਸਿਆ ਕਿ ਐਸਡੀਓ ਹਰਮੇਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਵਾਰਡ ਦੇ ਹੀ ਮੇਨ ਹੋਲ ਖੋਲ ਕੇ ਸਫਾਈ ਕੀਤੀ ਜਾਵੇਗੀ ਪਰ ਜਨੇਸ਼ ਨੇ ਕਿਹਾ ਕਿ ਦੋ ਹੀ ਮੈਨ ਹੋਲ ਖੋਲੇ ਤੇ ਗਾਰ ਕੱਢ ਕੇ ਸਫਾਈ ਕਰਮਚਾਰੀ ਚਲੇ ਗਏ। ਕਾਲੀਆ ਕਲੋਨੀ ਨਿਵਾਸੀ ਜੀਐਸ ਗਿੱਲ (ਰਿਟਾਇਰ ਸੀਨੀਅਰ ਰੇਲਵੇ ਅਫਸਰ) ਜੋ ਕਿ ਦਲਜੀਤ ਸਿੰਘ ਚੀਮਾ (ਸਿੱਖਿਆ ਮੰਤਰੀ) ਦੇ ਜੀਜਾ ਹਨ, ਉਨ੍ਹਾਂ ਦੇ ਘਰ ਦੇ ਬਾਹਰ ਵੀ ਗਟਰ ਦਾ ਪਾਣੀ ਕਾਫੀ ਦਿਨਾਂ ਤੋਂ ਖੜ੍ਹਾ ਹੈ, ਜਿਸ ਕਰਕੇ ਸਾਰਾ ਦਿਨ ਹੀ ਬਦਬੂ ਆਉਂਦੀ ਰਹਿੰਦੀ ਹੈ। ਜੀਐਸ ਗਿੱਲ ਨੇ ਕਿਹਾ ਕਿ ਹੁਣ ਤਾਂ ਹੱਦ ਹੋ ਗਈ ਹੈ ਤੇ ਉਹ ਕਮਿਸ਼ਨਰ ਕੋਲ ਇਸਦੀ ਸ਼ਿਕਾਈਤ ਦੇਣ ਜਾ ਰਹੇ ਸੀ ਪਰ ਜਦੋਂ ਪਤਾ ਲਗਾ ਕਿ ਨਿਗਮ ਨੇ ਆਪਣੇ ਕਰਮਚਾਰੀ ਸਫਾਈ ਲਈ ਭੇਜ ਦਿੱਤੇ ਹਨ ਤਾਂ ਉਨ੍ਹਾਂ ਨੇ ਇਸਦੀ ਸ਼ਿਕਾਈਤ ਜੇਈ ਗੋਰਵ ਤੇ ਸੁਨਿਲ ਨੂੰ ਕੀਤੀ ਜੋ ਕਿ ਮੌਕੇ 'ਤੇ ਆ ਕੇ ਸਾਰੇ ਗਟਰਾਂ ਵਿਚੋਂ ਗਾਰ ਕਢਵਾ ਰਹੇ ਸਨ। ਜੀਐਸ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਗੰਦੇ ਪਾਣੀ ਵਿਚ ਖੁਦ ਦਵਾਈ ਦਾ ਿਛੜਕਾਅ ਕਰਵਾ ਦਿੱਤਾ ਹੈ। ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਅਸੀ ਤਾਂ ਮੁਹੱਲੇ ਵਿਚ ਬੱਚਿਆਂ ਨੂੰ ਬਾਹਰ ਨਹੀਂ ਕੱਢਦੇ ਕਿਉਂਕਿ ਗੰਦੇ ਪਾਣੀ ਵਿਚ ਮੱਛਰ ਹੋਣ ਕਰਕੇ ਕੋਈ ਬਿਮਾਰੀ ਨਾ ਲੱਗ ਜਾਵੇ। ਲਗਾਤਾਰ ਲੋਕਾਂ ਵਲੋਂ ਅਤੇ ਜਨੇਸ਼ ਜਸਰਾਏ ਵੱਲੋਂ ਸਰਕਾਰ ਤੇ ਨਿਗਮ ਨੂੰ ਕੀਤੀਆਂ ਗਈਆਂ ਸ਼ਿਕਾਈਤਾਂ ਕਰਕੇ ਨਿਗਮ ਹਰਕਤ ਵਿਚ ਆਇਆ ਤੇ ਮੁਹੱਲੇ ਦੇ ਸੀਵਰੇਜ ਦੀ ਸਮੱਸਿਆ ਹਲ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ। ਜੇਈ ਗੋਰਵ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਮਹੀਨੇ ਜਾਂ ਦੋ ਮਹੀਨੇ ਬਾਅਦ ਆ ਕੇ ਮੁਹੱਲੇ ਦੇ ਸੀਵਰੇਜ ਦੀ ਗਾਰ ਕੱਢਣੀ ਪੈਣੀ ਹੈ ਜਦੋਂ ਤੱਕ ਫੋਲੜੀਵਾਲ ਤਕ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੰੁਦੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਕੰਮ ਕਰੀ ਜਾ ਰਹੇ ਹਨ, ਉਨ੍ਹਾਂ ਨੂੰ ਜਦੋਂ ਵੀ ਫੋਨ ਆਉਂਦਾ ਹੈ ਉਹ ਸਮੱਸਿਆ ਹੱਲ ਕਰਨ ਪਹੁੰਚ ਜਾਂਦੇ ਹਨ। ਜਨੇਸ਼ ਜਸ਼ਰਾਯ ਨੇ ਕਿਹਾ ਕਿ ਮੁਹੱਲੇ 'ਚ ਪਾਰਟੀਬਾਜ਼ੀ ਕਰਕੇ ਹੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਤੇ ਲੋਕੀ ਉਸਦਾ ਖਮਿਆਜਾ ਭੁਗਤ ਰਹੇ ਹਨ। ਰੋਸ ਕਰਨ ਵੇਲੇ ਜੀਐਸ ਗਿੱਲ ਤੇ ਉਨ੍ਹਾਂ ਦੀ ਪਤਨੀ ਕਵਿਤਾ ਹਾਂਡਾ, ਮਿਸਟਰ ਬੱਗਾ ਅਤੇ ਹੋਰ ਮੁਹੱਲੇ ਦੇ ਲੋਕ ਸ਼ਾਮਲ ਸਨ।
ਕੌਂਸਲਰ ਨੇ ਨਿਗਮ ਦੇ ਬੰਦਿਆਂ ਦੀ ਕੀਤੀ ਖਿੱਚਾਈ
ਜਨੇਸ਼ ਜਸਰਾਯ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੌਂਸਲਰ ਪਤੀ ਵੇਦ ਵਸ਼ਿਸ਼ਠ ਨੂੰ ਸ਼ਿਕਾਈਤ ਕੀਤੀ ਕਿ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਗਾਰ ਕੱਢ ਕੇ ਸੜਕ ਤੇ ਸੁੱਟ ਦਿੱਤੀ ਤੇ ਖਾਲੀ ਪਲਾਟ ਵਿਚ ਸੁੱਟ ਦਿੱਤੀ ਹੈ ਤਾਂ ਵੇਦ ਵਸ਼ਿਸ਼ਠ ਨੇ ਉਸੇ ਵੇਲੇ ਨਿਗਮ ਦੇ ਕਰਮਚਾਰੀਆਂ ਨੂੰ ਕਿਹਾ ਕਿ ਜੋ ਵੀ ਕੰਮ ਕਰਨਾ ਹੈ ਸਹੀ ਢੰਗ ਨਾਲ ਕਰੋ ਤਾਂ ਉਸਤੋਂ ਬਾਅਦ ਨਿਗਮ ਨੇ ਖਾਲੀ ਪਲਾਟ ਵਿਚ ਸੁੱਟੀ ਗਾਰ ਨੂੰ ਚੁੱਕ ਲਿਆ।