ਸਿਟੀ-ਪੀ101ਜੇ) 2001 'ਚ ਉਪ ਮੁੱਖ ਮੰਤਰੀ ਵੱਲੋਂ ਲਗਾਇਆ ਗਿਆ ਨੀਂਹ ਪੱਥਰ। ਫੋਟੋ : ਹਰੀਸ਼ ਸ਼ਰਮਾ
ਸਿਟੀ-ਪੀ102ਜੇ) 2004 'ਚ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਇਆ ਗਿਆ ਨੀਂਹ ਪੱਥਰ।
ਫੋਟੋ : ਹਰੀਸ਼ ਸ਼ਰਮਾ
ਸਿਟੀ-ਪੀ 103ਜੇ) 2010 'ਚ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਐੱਸਐੱਸ ਨਿੱਝਰ ਵੱਲੋਂ ਲਗਾਇਆ ਗਿਆ ਨੀਂਹ ਪੱਥਰ। ਫੋਟੋ : ਹਰੀਸ਼ ਸ਼ਰਮਾ
==ਬੋਲਦੇ ਨੀਂਹ ਪੱਥਰ
-ਘੁਰਨਿਆਂ ਜਿਹੇ ਕਮਰਿਆਂ 'ਚ ਦਫ਼ਤਰ ਚਲਾਉਣ ਲਈ ਵਕੀਲ ਮਜਬੂਰ
ਮਨਦੀਪ ਸ਼ਰਮਾ, ਜਲੰਧਰ
ਸ਼ਹਿਰ ਦੀ ਜ਼ਿਲ੍ਹਾ ਕਚਹਿਰੀ 'ਚ ਵਕੀਲਾਂ ਦੇ ਹਾਲਾਤ ਕਈ ਸਾਲਾਂ ਤੋਂ ਬਹੁਤ ਹੀ ਤਰਸਯੋਗ ਹਨ। ਵਕੀਲਾਂ ਲਈ ਆਪਣੇ ਚੈਂਬਰ ਨਹੀਂ ਹਨ ਤੇ ਚੈਂਬਰਾਂ ਦਾ ਮੁੱਦਾ ਕਈ ਸਾਲਾਂ ਤੋਂ ਵਕੀਲ ਚੁੱਕਦੇ ਆਏ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਕਈ ਪ੍ਰਧਾਨ ਬਦਲੇ ਤੇ ਕਈ ਲੀਡਰ ਵੀ ਆ ਕੇ ਲਾਰੇ ਲਾ ਕੇ ਚੱਲਦੇ ਬਣੇ ਪਰ ਹਾਲੇ ਤਕ ਚੈਂਬਰਾਂ ਦੀ ਮੰਗ ਪੂਰੀ ਨਹੀਂ ਹੋ ਸਕੀ। ਇੱਥੋਂ ਤਕ ਕਿ ਇਨ੍ਹਾਂ ਚੈਂਬਰਾਂ ਦੀ ਉਸਾਰੀ ਲਈ ਇਕ ਵਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਇਕ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਇਕ ਵਾਰ ਸੁਪਰੀਮ ਕੋਰਟ ਦੇ ਜੱਜ ਨੇ ਨੀਂਹ ਪੱਥਰ ਰੱਖਿਆ ਹੈ ਪਰ ਹਾਲੇ ਤਕ ਉਸ ਤੋਂ ਅੱਗੇ ਚੈਂਬਰਾਂ ਦੇ ਕੰਮ ਨੂੰ ਬੂਰ ਨਹੀਂ ਪਿਆ ਹੈ। ਆਲਮ ਇਹ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਨੀਂਹ ਪੱਥਰ ਵੀ ਇਕ-ਦੂਜੇ ਸਾਹਮਣੇ ਲਗਾਏ ਗਏ ਹਨ, ਜੋ ਇਕ-ਦੂਜੇ ਨੂੰ ਮਜ਼ਾਕ ਕਰਦੇ ਪ੍ਰਤੀਤ ਹੁੰਦੇ ਹਨ।
ਵਰਣਨਯੋਗ ਹੈ ਕਿ ਪਹਿਲਾ ਨੀਂਹ ਪੱਥਰ 22 ਦਸੰਬਰ 2001 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੱਖਿਆ। ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਛੇਤੀ ਹੀ ਵਕੀਲਾਂ ਦੇ ਚੈਂਬਰ ਬਣਾ ਕੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ। ਉਸ ਮੌਕੇ ਉਨ੍ਹਾਂ ਨਾਲ ਉਸ ਵੇਲੇ ਦੇ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਚਰਨਦਾਸ ਪੱਡਾ ਤੇ ਪ੍ਰਧਾਨ ਗੁਰਨਾਮ ਸਿੰਘ ਪੇਲੀਆ ਵੀ ਹਾਜ਼ਰ ਸਨ। ਕਰੀਬ 15 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਨੀਂਹ ਪੱਥਰ ਆਪਣੀ ਹੋਂਦ ਤੇ ਉਪ ਮੁੱਖ ਮੰਤਰੀ ਵੱਲੋਂ ਕੀਤੇ ਉਪਰਾਲੇ ਦੀ ਯਾਦ ਦਿਵਾ ਰਿਹਾ ਹੈ।
ਦੂਜਾ ਨੀਂਹ ਪੱਥਰ 15 ਫਰਵਰੀ 2004 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਖਿਆ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਛੇਤੀ ਹੀ ਵਕੀਲਾਂ ਦੇ ਚੈਂਬਰਾਂ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਜਾਵੇਗੀ ਤੇ ਸਹੂਲਤ ਦਿੱਤੀ ਜਾਵੇਗੀ। ਉਸ ਵੇਲੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਕਰਮਪਾਲ ਸਿੰਘ ਗਿੱਲ ਤੇ ਪ੍ਰਧਾਨ ਪਰਮਜੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ। ਕਰੀਬ 12 ਸਾਲ ਬਾਅਦ ਵੀ ਨੀਂਹ ਪੱਥਰ ਹੀ ਬੋਲ ਰਿਹਾ ਹੈ ਕਿ ਕਿਤੇ ਉਸਾਰੀ ਨਹੀਂ ਹੋਈ।
ਤੀਜਾ ਨੀਂਹ ਪੱਥਰ 12 ਫਰਵਰੀ 2010 ਨੂੰ ਵਕੀਲਾਂ ਦੇ ਚੈਂਬਰਾਂ ਦੀ ਉਸਾਰੀ ਦਾ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਐੱਸਐੱਸ ਨਿੱਝਰ ਵੱਲੋਂ ਰੱਖਿਆ ਗਿਆ। ਉਨ੍ਹਾਂ ਦੇ ਨਾਲ ਇਸ ਮੌਕੇ ਹਾਈ ਕੋਰਟ ਦੇ ਮਾਣਯੋਗ ਜੱਜ ਮੁਕੁਲ ਮੌਦਗਿਲ, ਮਹਿਤਾਬ ਸਿੰਘ ਗਿੱਲ, ਕੇਐੱਸ ਆਹਲੂਵਾਲੀਆ ਤੋਂ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਰਾਜਬੀਰ ਸਿੰਘ, ਪ੍ਰਧਾਨ ਬੀਐੱਸ ਲੱਕੀ ਵੀ ਹਾਜ਼ਰ ਸਨ। ਇਸ ਨੀਂਹ ਪੱਥਰ ਤੋਂ ਵਕੀਲਾਂ ਨੂੰ ਕਾਫ਼ੀ ਆਸਾਂ ਸਨ ਪਰ ਇਹ ਨੀਂਹ ਪੱਥਰ ਵੀ ਸਿਰਫ਼ ਆਸਾਂ ਲੈ ਕੇ ਖੜ੍ਹਾ ਹੈ।
ਸਿਟੀ-ਪੀ30) ਹੁਣ ਤਾਂ ਵਕੀਲ ਵੀ ਚੁੱਪ ਕਰ ਗਏ : ਫਿਲੌਰੀਆ
ਇਸ ਮੁੱਦੇ 'ਤੇ ਕਈ ਵਾਰ ਆਵਾਜ਼ ਚੁੱਕਣ ਵਾਲੇ ਸੀਨੀਅਰ ਐਡਵੋਕੇਟ ਮੋਹਨ ਲਾਲ ਫਿਲੌਰੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੁਣ ਤਾਂ ਵਕੀਲ ਵੀ ਚੁੱਪ ਕਰ ਗਏ ਹਨ। ਵਕੀਲਾਂ ਕੋਲ ਚੈਂਬਰ ਨਹੀਂ ਹਨ, ਬਾਥਰੂਮ ਮਾੜੇ ਹਾਲ ਹਨ ਤੇ ਪਾਰਕਿੰਗ ਦੀ ਇਨ੍ਹਾਂ ਕੋਲ ਸਹੂਲਤ ਹੀ ਨਹੀਂ ਹੈ। ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਨਾਲ ਹੀ ਉਨ੍ਹਾਂ ਦੇ ਵਾਅਦੇ ਵੀ 'ਓਹ ਗਏ... ਓਹ ਗਏ...' ਵਾਲੇ ਪ੍ਰਤੀਤ ਹੁੰਦੇ ਰਹੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਵੱਲੋਂ ਜਦੋਂ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਸਾਰਿਆਂ ਦੀਆਂ ਉਮੀਦਾਂ ਬੱਝ ਗਈਆਂ ਸਨ ਕਿ ਹੁਣ ਉਨ੍ਹਾਂ ਦੀ ਫਰਿਆਦ ਸੁਣੀ ਜਾਵੇਗੀ ਪਰ ਉਸ ਨੀਂਹ ਪੱਥਰ ਨੂੰ ਵੀ ਹੁਣ 6 ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ।