ਨਿਊਯਾਰਕ (ਪੀਟੀਆਈ) : ਭਾਰਤੀ ਮੂਲ ਦੀ ਮਾਂ ਨੂੰ ਮਤਰੇਈ ਧੀ ਨੂੰ ਭੁੱਖਾ ਰੱਖਣ ਅਤੇ ਕੁੱਟਮਾਰ ਕਰਨ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ 25 ਸਾਲ ਤਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਸਜ਼ਾ ਦਾ ਐਲਾਨ ਸਤੰਬਰ 'ਚ ਕੀਤਾ ਜਾਵੇਗਾ।
ਕਵੀਂਸ ਦੀ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਸ਼ੀਤਲ ਰਨੋਤ (35) ਨੂੰ ਮਾਇਆ ਰਨੋਤ (12) ਨਾਲ ਕੁੱਟਮਾਰ ਕਰਨ ਅਤੇ ਭੁੱਖਾ ਰੱਖਣ ਦਾ ਦੋਸ਼ੀ ਮੰਨਿਆ। ਮਾਇਆ ਦੇ ਪਿਤਾ ਰਾਜੇਸ਼ ਰਨੋਤ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ, ਪਰ ਸੁਣਵਾਈ ਬਾਅਦ 'ਚ ਕੀਤੀ ਜਾਵੇਗੀ। ਕਵੀਂਸ ਦੇ ਅਟਾਰਨੀ ਰਿਚਰਡ ਬ੍ਰਾਊਨ ਨੇ ਦੱਸਿਆ ਕਿ ਬੱਚੀ ਦੇ ਬਿਆਨ ਅਤੇ ਸਬੂਤਾਂ ਦੇ ਆਧਾਰ 'ਤੇ ਜਿਊਰੀ ਨੇ ਸ਼ੀਤਲ ਨੂੰ ਦੋਸ਼ੀ ਪਾਇਆ। ਜਸਟਿਸ ਰਿਚਰਡ ਬੁਚਰ ਦੀ ਪ੍ਰਧਾਨਗੀ 'ਚ ਮਾਮਲੇ ਦੀ ਸੁਣਵਾਈ ਤਿੰਨ ਹਫ਼ਤੇ ਤਕ ਚਲੀ ਸੀ।
ਰਿਚਰਡ ਬ੍ਰਾਊਨ ਮੁਤਾਬਕ ਮਾਇਆ ਨੂੰ ਕਈ ਵਾਰ ਕਮਰੇ 'ਚ ਬੰਦ ਕਰ ਦਿੱਤਾ ਗਿਆ ਸੀ। ਉਸ ਨੂੰ ਭੁੱਖਾ ਰੱਖਿਆ ਜਾਂਦਾ ਸੀ। ਕਈ ਵਾਰ ਤਾਂ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀ। ਮਾਇਆ ਨੂੰ ਡੇਢ ਸਾਲ ਤੋਂ ਜ਼ਿਆਦਾ ਸਮੇਂ ਤੋਂ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਕ ਵਾਰ ਸ਼ੀਤਲ ਨੇ ਮਾਇਆ ਨੂੰ ਝਾੜੂ ਦੇ ਟੁੱਟੇ ਹੋਏ ਹੈਂਡਲ ਨਾਲ ਮਾਰਿਆ, ਜਿਸ ਨਾਲ ਉਸ ਦਾ ਗੁੱਟ ਵੱਿਢਆ ਗਿਆ ਸੀ। ਸਿਹਤ ਅਧਿਕਾਰੀਆਂ ਨੇ ਖੂਨ ਨਾਲ ਲਥਪਥ ਮਾਇਆ ਨੂੰ ਰਸੋਈ ਘਰ ਤੋਂ ਬਰਾਮਦ ਕੀਤਾ ਸੀ। ਇਲਾਜ ਦੌਰਾਨ ਉਸ ਦਾ ਵਜ਼ਨ ਘੱਟ ਅਤੇ ਸਰੀਰ 'ਤੇ ਸੱਟ ਦੇ ਕਈ ਨਿਸ਼ਾਨ ਮਿਲੇ ਸਨ। ਇਕ ਵਾਰ ਤਾਂ ਸ਼ੀਤਲ ਨੇ ਮਾਇਆ ਦੇ ਚਿਹਰੇ 'ਤੇ ਲੱਤ ਮਾਰ ਦਿੱਤੀ ਸੀ। ਉਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ।