ਸ਼ਹਿਰਨਾਮਾ
--ਬੀਤੇ ਪੰਦਰਵਾੜੇ ਦੌਰਾਨ ਨਿਗਮ ਦੀ ਸਿਆਸਤ 'ਚ ਰਿਹਾ ਸੀ ਕਾਫੀ ਉਬਾਲ
ਬੀਤੇ ਪੰਦਰਵਾੜੇ ਦੌਰਾਨ ਨਿਗਮ ਦੀ ਸਿਆਸਤ 'ਚ ਜਿੰਨਾ ਉਬਾਲ ਰਿਹਾ, ਅੱਜਕਲ੍ਹ ਓਨੀ ਹੀ ਸ਼ਾਂਤੀ ਹੈ। ਵਿਵਾਦਾਂ ਦਾ ਨਿਪਟਾਰਾ ਹਾਲੇ ਵੀ ਨਹੀਂ ਹੋ ਸਕਿਆ ਪਰ ਬੜਬੋਲੇ ਸਿਆਸੀ ਆਗੂ ਦੀ ਜ਼ਬਾਨ ਬੰਦ ਹੋਣ ਨਾਲ ਗੱਠਜੋੜ ਦੀ ਹੋ ਰਹੀ ਤੋਏ-ਤੋਏ ਜ਼ਰੂਰ ਘਟੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਹਾਈਕਮਾਨ ਨੇ ਨੇਤਾ ਜੀ ਦੀ ਕਾਫ਼ੀ ਕਲਾਸ ਲਾਈ ਹੈ ਅਤੇ ਹਦਾਇਤ ਦਿੱਤੀ ਕਿ ਕਿਸੇ ਵੀ ਹਾਲਤ 'ਚ ਮੰੂਹ ਨਹੀਂ ਖੋਲ੍ਹਣਗੇ। ਹਾਈਕਮਾਨ ਦੀ ਘੁਰਕੀ ਦਾ ਅਸਰ ਹੈ ਕਿ ਨੇਤਾ ਜੀ ਨੇ ਅੱਜਕੱਲ੍ਹ ਮੀਡੀਆ ਵਾਲਿਆਂ ਦੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਹਨ। ਡਰ ਹੈ ਕਿ ਕਿਤੇ ਗ਼ਲਤੀ ਨਾਲ ਮੰੂਹ 'ਚੋਂ ਕੋਈ ਗੱਲ ਨਿਕਲ ਗਈ ਤਾਂ ਜਿਸ ਕਾਰਵਾਈ ਤੋਂ ਮੁਸ਼ਕਲ ਨਾਲ ਬਚਾਅ ਹੋਇਆ ਹੈ, ਦੋਬਾਰਾ ਘੇਰੇ ਵਿਚ ਆ ਜਾਣ। ਵੈਸੇ ਨੇਤਾ ਜੀ ਦੀ ਚੁੱਪ ਨਾਲ ਉਨ੍ਹਾਂ ਦੀ ਪਾਰਟੀ ਦੇ ਹੀ ਨਹੀਂ ਬਲਕਿ ਸੱਤਾ 'ਚ ਭਾਈਵਾਲ ਵੀ ਰਾਹਤ ਮਹਿਸੂਸ ਕਰ ਰਹੇ ਹਨ। ਚਰਚਾ ਤਾਂ ਇਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਨੇਤਾ ਜੀ ਨੂੰ ਕਾਰਵਾਈ ਤੋਂ ਬਚਾਇਆ ਹੈ, ਨੇਤਾ ਜੀ ਉਨ੍ਹਾਂ ਸਾਹਮਣੇ ਆਪਣੀ ਦਿੱਖ ਬਣਾਉਣ 'ਚ ਲੱਗੇ ਹੋਏ ਹਨ।
ਅੱਜਕਲ੍ਹ ਪ੍ਰੋਗਰਾਮ ਅੰਦਰ ਚੱਲ ਰਿਹਾ ਹੈ
ਪਿਛਲੇ ਦਿਨੀਂ ਸ਼ਹਿਰ 'ਚ ਇਕ ਡਾਕਟਰ ਕਾਫੀ ਚਰਚਾ 'ਚ ਰਹੇ। ਡਾਕਟਰ ਸਾਹਿਬ ਅੰਦਰ ਹੋ ਗਏ ਤਾਂ ਉਨ੍ਹਾਂ ਦੀ ਮੰਨੀ-ਪ੍ਰਮੰਨੀ ਸੰਸਥਾ ਦੀਆਂ ਪਹਿਲਾਂ ਲਗਾਤਾਰ ਹੋਣ ਵਾਲੀਆਂ ਸਰਗਰਮੀਆਂ ਠੱਪ ਹੋ ਗਈਆਂ। ਆਲਾਕਮਾਨ ਤਕ ਜੈੱਕ ਲਗਾਇਆ ਪਰ ਹੁਣ ਸੰਸਥਾ 'ਚ ਬਗ਼ਾਵਤੀ ਸੁਰਾਂ ਉਠਣ ਲੱਗੀਆਂ ਹਨ। ਪੁਰਾਣੀ ਪ੍ਰਣਾਲੀ ਨਾਲ ਜੁੜੀ ਸੰਸਥਾ ਦੋ ਹਿੱਸਿਆਂ 'ਚ ਵੰਡਣ ਕੰਢੇ ਪੁੱਜ ਚੁੱਕੀ ਹੈ। ਇਕ ਧੜਾ ਅੰਦਰ ਗਏ ਡਾਕਟਰ ਸਾਹਿਬ ਦੇ ਹੱਕ ਵਿਚ ਹੈ ਤਾਂ ਦੂਸਰਾ ਧੜਾ ਵਿਰੋਧ ਵਿਚ ਖੜ੍ਹ ਗਿਆ ਹੈ। ਡਾਕਟਰ ਸਾਹਿਬ ਨੂੰ ਬਾਹਰ ਕੱਢਣ ਲਈ ਚੱਲ ਰਹੇ ਯਤਨ ਵੀ ਸਿਆਸਤ ਦੀ ਭੇਟ ਚੜ੍ਹਣ ਲੱਗੇ ਹਨ। ਮੀਟਿੰਗ ਤੇ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਚਰਚਾ ਰਹਿੰਦੀ ਹੈ। ਜੇਕਰ ਕੋਈ ਵੀ ਨਵਾਂ ਪ੍ਰੋਗਰਾਮ ਸ਼ੁਰੂ ਹੋਣ ਦੀ ਗੱਲ ਚੱਲਦੀ ਹੈ ਤਾਂ ਇਹ ਸੁਣਨ ਨੂੰ ਮਿਲਦਾ ਹੈ ਕਿ ਪ੍ਰੋਗਰਾਮ ਤਾਂ ਅੰਦਰ ਚੱਲ ਰਿਹਾ ਹੈ। ਇਸੇ ਦੌਰਾਨ ਕੋਸ਼ਿਸ਼ ਚੱਲ ਰਹੀ ਹੈ ਕਿ ਲਾਲ ਕੰਧਾਂ ਅੰਦਰ ਬੈਠੇ ਡਾਕਟਰ ਸਾਹਿਬ ਦੀ ਕੁਰਸੀ ਕਿਵੇਂ ਹਿਲਾਈ ਜਾਵੇ।
ਸਿਆਸਤਦਾਨ ਨਾਲ ਦੋਸਤੀ 'ਚ ਹੋਈ ਅਫ਼ਸਰ ਤੋਏ-ਤੋਏ
ਸ਼ਹਿਰ ਦੇ ਇਕ ਕਾਂਗਰਸੀ ਆਗੂ ਅੱਜਕਲ੍ਹ ਚਰਚਾ ਵਿਚ ਹਨ। ਵਿਰੋਧੀ ਧਿਰ 'ਚ ਹੁੰਦੇ ਹੋਏ ਵੀ ਬਿਊਰੋਕਰੇਸੀ ਵਿਚ ਉਨ੍ਹਾਂ ਦੀ ਚੰਗੀ ਪੈਠ ਹੈ। ਬਿਊਰੋਕਰੇਸੀ ਦੇ ਸੀਨੀਅਰ ਅਧਿਕਾਰੀਆਂ ਨਾਲ ਨੇਤਾ ਦੀ ਚੰਗੀ ਦੋਸਤੀ ਹੈ। ਪੁਲਸ ਅਧਿਕਾਰੀ ਹੋਣ ਜਾਂ ਪ੍ਰਸ਼ਾਸਨਿਕ ਅਧਿਕਾਰੀ, ਕਾਂਗਰਸੀ ਆਗੂ ਨੂੰ ਵਾਹਵਾ ਤਵੱਜੋ ਦਿੰਦੇ ਹਨ। ਇਥੋਂ ਤਕ ਕਿ ਪਬਲਿਕ ਨੂੰ ਰੋਕ ਕੇ ਨੇਤਾ ਜੀ ਦੀ ਆਓ ਭਗਤ ਕੀਤੀ ਜਾਂਦੀਹੈ। ਇਸੇ ਦੋਸਤੀ ਦੇ ਚੱਕਰ ਵਿਚ ਸ਼ਹਿਰ ਦੇ ਇਕ ਅਫਸਰ ਦੀ ਪਿਛਲੇ ਦਿਨੀਂ ਕਾਫੀ ਤੋਏ-ਤੋਏ ਹੋਈ। ਦੋਸ਼ ਇਹ ਹਨ ਕਿ ਨੇਤਾ ਜੀ ਨਾਲ ਦੋਸਤੀ ਨਿਭਾਉਣ ਦੇ ਚੱਕਰ ਵਿਚ ਅਧਿਕਾਰੀ ਨੇ ਸਾਰੇ ਕਾਇਦੇ-ਕਾਨੂੰਨ ਿਛੱਕੇ ਟੰਗ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਨੂੰਨੀ ਝਮੇਲੇ 'ਚ ਫਸਣਾ ਪਿਆ। ਫਿਲਹਾਲ ਪੂਰੇ ਸ਼ਹਿਰ 'ਚ ਕਾਂਗਰਸੀ ਆਗੂ ਦੀ ਅਫਸਰਾਂ ਨਾਲ ਚੰਗੀ ਖਾਸੀ ਦੋਸਤੀ ਦੀ ਚਰਚਾ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਤਕ ਆਪਣੇ ਫਸੇ ਹੋਏ ਕੰਮ ਕਢਵਾਉਣ ਲਈ ਪਹੁੰਚ ਕਰਨ ਲੱਗੇ ਹਨ।
ਚੋਰ ਨੂੰ ਮੇਜਰ ਦੀ ਅਪੀਲ
ਪਿਛਲੇ ਦਿਨੀਂ ਕੈਂਟ 'ਚ ਫ਼ੌਜ ਦੇ ਮੇਜਰ ਦੇ ਘਰ ਹੋਈ ਚੋਰੀ ਦਾ ਜਦੋਂ ਪੁਲਸ ਕੋਈ ਸੁਰਾਗ ਨਹੀਂ ਲਾ ਸਕੀ ਤਾਂ ਥੱਕ-ਹਾਰ ਕੇ ਮੇਜਰ ਸ੍ਹਾਬ ਨੇ ਚੋਰੀ ਨੂੰ ਹੀ ਚੋਰੀ ਕੀਤਾ ਸਾਮਾਨ ਵਾਪਸ ਕਰਨ ਦੀ ਅਪੀਲ ਕਰ ਦਿੱਤੀ। ਇਸ ਤੋਂ ਪਹਿਲਾਂ ਚੋਰ ਸਕਵਾਰਡਨ ਲੀਡਰ ਦਾ ਸਾਮਾਨ ਵਾਪਸ ਕਰ ਚੁੱਕਾ ਹੈ ਪਰ ਮੇਜਰ ਦੀ ਅਪੀਲ 'ਤੇ ਚੋਰ ਦਾ ਦਿਲ ਨਹੀਂ ਪਿਘਲਿਆ।