-ਚੇਤੇਸ਼ਵਰ ਪੁਜਾਰਾ ਨੇ ਬਣਾਈਆਂ 46 ਦੌੜਾਂ
ਨਵੀਂ ਦਿੱਲੀ (ਜੇਐੱਨਐੱਨ) : ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (ਅਜੇਤੂ 126, 235 ਗੇਂਦਾਂ, 13 ਚੌਕੇ, 02 ਛੱਕੇ) ਦੇ ਕੈਰੀਬੀਆਈ ਜ਼ਮੀਨ 'ਤੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਕਿੰਗਸਟਨ (ਜਮੈਕਾ) 'ਚ ਦੂਜੇ ਟੈਸਟ ਮੈਚ ਦੇ ਦੂਜੇ ਦਿਨ 74.2 ਓਵਰਾਂ ਦੀ ਖੇਡ 'ਚ ਦੋ ਵਿਕਟਾਂ 'ਤੇ 214 ਦੌੜਾਂ ਬਣਾਈਆਂ। ਦੂਜੇ ਪਾਸੇ ਚੇਤੇਸ਼ਵਰ ਪੁਜਾਰਾ (46 ਦੌੜਾਂ, 159 ਗੇਂਦਾਂ, 04 ਚੌਕੇ) ਨੇ ਉਨ੍ਹਾਂ ਦਾ ਚੰਗਾ ਸਾਥ ਨਿਭਾਇਆ। ਵੈਸਟਇੰਡੀਜ਼ ਦੀ ਪਹਿਲੀ ਪਾਰੀ ਰਵਿਚੰਦਰਨ ਅਸ਼ਵਿਨ (5/52) ਦੀ ਫਿਰਕੀ 'ਚ ਫਸ ਕੇ ਪਹਿਲੇ ਦਿਨ ਦੂਜੇ ਸੈਸ਼ਨ 'ਚ 52.3 ਓਵਰਾਂ 'ਚ 196 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ ਸੀ। ਭਾਰਤੀ ਪਾਰੀ ਪਹਿਲੇ ਦਿਨ ਦੇ ਦੂਜੇ ਸੈਸ਼ਨ 'ਚ ਸ਼ੁਰੂ ਹੋਈ। ਰਾਹੁਲ ਨੇ ਸ਼ਿਖਰ ਧਵਨ (27) ਨਾਲ ਪਹਿਲੀ ਵਿਕਟ ਲਈ 87 ਦੌੜਾਂ ਜੋੜੀਆਂ। ਧਵਨ ਨੂੰ ਰੋਸਟਨ ਚੇਸ ਨੇ ਬਰਾਵੋ ਹੱਥੋਂ ਕੈਚ ਕਰਵਾਇਆ। ਰਾਹੁਲ ਅਤੇ ਚੇਤੇਸ਼ਵਰ ਪੁਜਾਰਾ ਪਹਿਲੇ ਦਿਨ ਟੀਮ ਦੇ ਸਕੋਰ ਨੂੰ ਇਕ ਵਿਕਟ 'ਤੇ 126 ਦੌੜਾਂ ਤਕ ਲੈ ਗਏ। ਦੂਜੇ ਦਿਨ ਦੀ ਸ਼ੁਰੂਆਤ 'ਚ ਸ਼ੇਨਾਨ ਗੈਬਰੀਅਲ ਦੀਆਂ ਗੇਂਦਾਂ ਨੇ ਰਾਹੁਲ ਅਤੇ ਪੁਜਾਰਾ ਨੂੰ ਮੁਸ਼ਕਿਲ 'ਚ ਪਾਇਆ। ਸਵੇਰ ਦੇ ਸੈਸ਼ਨ 'ਚ ਉਨ੍ਹਾਂ ਦੀਆਂ ਗੇਂਦਾਂ 'ਤੇ ਚਾਰ-ਪੰਜ ਅਜਿਹੇ ਮੌਕੇ ਆਏ ਜਦ ਰਾਹੁਲ ਅਤੇ ਪੁਜਾਰਾ ਵਿਕਟ ਗੁਆਉਣ ਲਾਗੇ ਪੁੱਜੇ ਪਰ ਕਿਸਮਤ ਗੈਬਰੀਅਲ ਦੇ ਨਾਲ ਨਹੀਂ ਸੀ। ਉਨ੍ਹਾਂ ਨੇ ਪਹਿਲੇ ਸੈਸ਼ਨ 'ਚ ਆਪਣੇ ਪਹਿਲੇ ਸਪੈੱਲ 'ਚ ਪੰਜ ਓਵਰਾਂ ਦੀ ਗੇਂਦਬਾਜ਼ੀ ਕੀਤੀ ਅਤੇ ਸਿਰਫ਼ ਤਿੰਨ ਦੌੜਾਂ ਦਿੱਤੀਆਂ। ਰਾਹੁਲ ਨੇ 56ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਚੇਸ ਦੀ ਗੇਂਦ ਨੂੰ ਛੱਕੇ ਲਈ ਭੇਜ ਕੇ ਸ਼ਾਨਦਾਰ ਅੰਦਾਜ਼ 'ਚ 182 ਗੇਂਦਾਂ 'ਤੇ ਆਪਣਾ ਤੀਜਾ ਸੈਂਕੜਾ ਪੂਰਾ ਕੀਤਾ।