-ਜਰਮੇਨ ਬਲੈਕਵੁਡ ਨੇ ਵੀ ਲਾਇਆ ਸ਼ਾਨਦਾਰ ਅਰਧ ਸੈਂਕੜਾ
-ਲੰਚ ਤਕ ਪੰਜ ਵਿਕਟਾਂ 'ਤੇ 215 ਦੌੜਾਂ ਬਣਾਈਆਂ ਮੇਜ਼ਬਾਨ ਟੀਮ ਨੇ
ਕਿੰਗਸਟਨ (ਪੀਟੀਆਈ) : ਰੋਸਟਨ ਚੇਸ ਅਤੇ ਜਰਮੇਨ ਬਲੈਕਵੁਡ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਭਾਰਤ ਖ਼ਿਲਾਫ਼ ਦੂਜੇ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਲੰਚ ਤਕ ਦੂਜੀ ਪਾਰੀ ਵਿਚ ਪੰਜ ਵਿਕਟਾਂ 'ਤੇ 215 ਦੌੜਾਂ ਬਣਾਈਆਂ। ਲੰਚ ਤਕ ਚੇਸ 122 ਗੇਂਦਾਂ 'ਚ ਨੌਂ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 70 ਦੌੜਾਂ ਬਣਾ ਕੇ ਯੀਜ਼ 'ਤੇ ਡਟੇ ਹੋਏ ਸਨ। ਸ਼ੇਨ ਡੋਵਰਿਚ 33 ਦੌੜਾਂ ਬਣਾ ਕੇ ਉਨ੍ਹਾਂ ਦਾ ਸਾਥ ਨਿਭਾਅ ਰਹੇ ਸਨ। ਦੋਵਾਂ ਨੇ ਛੇਵੀਂ ਵਿਕਟ ਲਈ 74 ਦੌੜਾਂ ਦੀ ਭਾਈਵਾਲੀ ਬਣਾ ਲਈ ਸੀ। ਚੇਸ ਨੇ ਇਸ ਤੋਂ ਪਹਿਲਾਂ ਬਲੈਕਵੁਡ (63) ਨਾਲ ਵੀ ਪੰਜਵੀਂ ਵਿਕਟ ਲਈ 93 ਦੌੜਾਂ ਦੀ ਭਾਈਵਾਲੀ ਕੀਤੀ। ਮੰਗਲਵਾਰ ਨੂੰ ਜ਼ਿਆਦਾ ਸਮਾਂ ਖੇਡ ਬਾਰਿਸ਼ ਦੀ ਭੇਟ ਚੜ੍ਹਨ ਤੋਂ ਬਾਅਦ ਭਾਰਤ ਨੂੰ ਉਮੀਦ ਸੀ ਕਿ ਉਹ ਬੁੱਧਵਾਰ ਨੂੰ ਵੈਸਟਇੰਡੀਜ਼ ਨੂੰ ਜਲਦੀ ਝਟਕੇ ਦੇ ਕੇ ਆਪਣੀ ਸਥਿਤੀ ਮਜ਼ਬੂਤ ਕਰੇਗਾ ਪਰ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਨੇ ਸਵੇਰ ਦੇ ਸੈਸ਼ਨ 'ਚ 38.1 ਓਵਰ 'ਚ ਇਕ ਵਿਕਟ ਦੇ ਨੁਕਸਾਨ 'ਤੇ 167 ਦੌੜਾਂ ਜੋੜ ਕੇ ਜ਼ੋਰਦਾਰ ਵਾਪਸੀ ਕੀਤੀ। ਭਾਰਤ ਨੇ ਪਹਿਲੀ ਪਾਰੀ 'ਚ 304 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਵੈਸਟਇੰਡੀਜ਼ ਦੀ ਟੀਮ ਚਾਰ ਵਿਕਟਾਂ 'ਤੇ 48 ਦੌੜਾਂ ਤੋਂ ਅੱਗੇ ਖੇਡਣ ਉਤਰੀ। ਬਲੈਕਵੁਡ ਅਤੇ ਚੇਸ ਸ਼ੁਰੂਆਤ ਤੋਂ ਹੀ ਸਕਾਰਾਤਮਕ ਰਵੱਈਏ ਨਾਲ ਖੇਡੇ। ਬਲੈਕਵੁਡ ਲੈੱਗ ਸਪਿੰਨਰ ਅਮਿਤ ਮਿਸ਼ਰਾ ਦੇ ਦਿਨ ਦੇ ਪਹਿਲੇ ਓਵਰ 'ਚ ਕਿਸਮਤ ਵਾਲੇ ਰਹੇ ਜਦ ਗੇਂਦ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲੈਣ ਤੋਂ ਬਾਅਦ ਪੈਡ ਨਾਲ ਟਕਰਾਈ ਪਰ ਫਾਰਵਰਡ ਸ਼ਾਰਟ ਲੈੱਗ 'ਤੇ ਖੜ੍ਹੇ ਫੀਲਡਰ ਤੋਂ ਦੂਰ ਡਿੱਗ ਗਈ। ਭਾਰਤ ਦੀ ਪਹਿਲੀ ਪਾਰੀ ਦੌਰਾਨ ਆਪਣੀ ਆਫ ਸਪਿੰਨ ਨਾਲ ਪੰਜ ਵਿਕਟਾਂ ਹਾਸਲ ਕਰਨ ਵਾਲੇ ਚੇਸ ਨੇ ਮਿਸ਼ਰਾ 'ਤੇ ਚੌਕੇ ਨਾਲ ਖਾਤਾ ਖੋਲਿ੍ਹਆ। ਬਲੈਕਵੁਡ ਨੇ ਚੌਥੇ ਦਿਨ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਮੁਹੰਮਦ ਸ਼ਮੀ 'ਤੇ ਦੋ ਚੌਕੇ ਮਾਰੇ ਅਤੇ ਫਿਰ ਇਸ ਤੇਜ਼ ਗੇਂਦਬਾਜ਼ ਦੇ ਅਗਲੇ ਓਵਰ 'ਚ ਵੀ ਦੋ ਚੌਕੇ ਅਤੇ ਇਕ ਛੱਕਾ ਲਾਇਆ। ਉਨ੍ਹਾਂ ਨੇ ਇਸ ਤੋਂ ਬਾਅਦ ਇਸ਼ਾਂਤ ਸ਼ਰਮਾ 'ਤੇ ਚੌਕੇ ਨਾਲ 25ਵੇਂ ਓਵਰ 'ਚ ਟੀਮ ਦਾ ਸਕੋਰ 100 ਦੌੜਾਂ ਤਕ ਪਹੁੰਚਾਇਆ ਅਤੇ ਚੇਸ ਨਾਲ ਅਰਧ ਸੈਂਕੜੇ ਦੀ ਭਾਈਵਾਲੀ ਵੀ ਪੂਰੀ ਕੀਤੀ।