ਜੇਐੱਨਐੱਨ, ਲੁਧਿਆਣਾ : ਸਰਾਫਾ ਬਾਜ਼ਾਰ ਤੋਂ ਸੋਨੇ ਦੀ ਫਿਨੀਸ਼ਿੰਗ ਕਰਵਾ ਕੇ ਵਾਪਸ ਪਰਤ ਰਹੇ ਇਕ ਵਿਅਕਤੀ ਤੋਂ ਠੱਗ 12 ਲੱਖ ਦਾ ਸੋਨਾ ਲੈ ਗਏ। ਪੀੜਤ ਰਿੰਕੂ ਨੇ ਇਸ ਦੀ ਸ਼ਿਕਾਇਤ ਕੰਟਰੋਲ ਰੂਮ 'ਤੇ ਦਿੱਤੀ। ਸੂਚਨਾ ਮਿਲਦੇ ਹੀ ਮੌਕੇ 'ਤੇ ਏਸੀਪੀ ਅਮਨਦੀਪ ਸਿੰਘ ਬਰਾੜ ਤੇ ਥਾਣਾ ਦਰੇਸੀ ਦੀ ਪੁਲਸ ਪੁੱਜੀ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਸ਼ਿਕਾਇਤਕਰਤਾ ਰਿੰਕੂ ਨੇ ਦੱਸਿਆ ਉਸ ਦੀ ਹਿਮਾਚਲ 'ਚ ਜਿਊਲਰੀ ਸ਼ਾਪ ਹੈ। ਲੁਧਿਆਣਾ ਸਰਾਫਾ ਬਾਜ਼ਾਰ 'ਚ ਸੋਨੇ ਦੀ ਹੋਲਸੇਲ ਮਾਰਕਿਟ ਹੋਣ ਦੇ ਚੱਲਦੇ ਉਹ ਫਿਨੀਸ਼ਿੰਗ ਇਥੋਂ ਹੀ ਕਰਦਾ ਹੈ। ਬੁੱਧਵਾਰ ਨੂੰ ਉਹ ਸਰਾਫਾ ਬਾਜ਼ਾਰ ਤੋਂ ਸਾਢੇ 400 ਗ੍ਰਾਮ ਸੋਨੇ ਦੀ ਫਿਨੀਸ਼ਿੰਗ ਕਰਵਾ ਕੇ ਵਾਪਸ ਜਾ ਰਿਹਾ ਸੀ। ਜਦੋਂ ਉਹ ਥਾਣਾ ਦਰੇਸੀ ਤਹਿਤ ਆਉਂਦੀ ਸਬਜ਼ੀ ਮੰਡੀ ਨੇੜੇ ਪੁੱਜਾ ਤਾਂ ਉਸ ਨੂੰ ਪੁਲਸ ਦੀ ਵਰਦੀ ਪਾਏ ਦੋ ਵਿਅਕਤੀਆਂ ਨੇ ਰੋਕ ਲਿਆ। ਉਨ੍ਹਾਂ ਨਾਲ ਸਿਵਲ ਡਰੈੱਸ 'ਚ ਦੋ ਵਿਅਕਤੀ ਖੜ੍ਹੇ ਸੀ।
ਮੁਲਾਜ਼ਮ ਬੋਲੇ ਕਿ ਗੱਡੀ ਦੀ ਚੈਕਿੰਗ ਕਰਨੀ ਹੈ। ਚੈਕਿੰਗ ਕਰਦੇ ਹੋਏ ਉਨ੍ਹਾਂ ਸੋਨੇ ਵਾਲਾ ਬੈਗ ਵੀ ਖੋਲਿ੍ਹਆ, ਜਿਸ ਨੂੰ ਵੇਖ ਕੇ ਉਨ੍ਹਾਂ ਕਿਹਾ ਗੱਡੀ ਤੋਂ ਹੇਠਾਂ ਉਤਰੋ ਤੇ ਸਾਹਬ ਬੈਠੇ ਹਨ ਉਨ੍ਹਾਂ ਨੂੰ ਮਿਲੋ। ਰਿੰਕੂ ਮੁਤਾਬਕ ਜਦੋਂ ਉਹ ਗੱਡੀ ਤੋਂ ਹੇਠਾਂ ਉਤਰਿਆ ਤਾਂ ਪਿੱਛੋਂ ਉਕਤ ਚਾਰੋ ਵਿਅਕਤੀ ਬੈਗ ਲੈ ਕੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਉਸ ਨੇ ਪੁਲਸ ਨੂੰ ਦਿੱਤੀ। ਪੁਲਸ ਵਾਰਦਾਤ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਉਧਰ, ਥਾਣਾ ਦਰੇਸੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲਾ ਸ਼ੱਕੀ ਲਗ ਰਿਹਾ ਹੈ। ਜਾਂਚ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ।