ਜਲੰਧਰ (ਜੇਐੱਨਐੱਨ) : ਸਿਹਤ ਵਿਭਾਗ ਵੱਲੋਂ ਹੈਪਾਟਾਈਟਿਸ ਸੀ ਯਾਨੀ ਕਾਲੇ ਪੀਲੀਏ ਦਾ ਮੁੱਖ ਮੰਤਰੀ ਹੈਪਾਟਾਈਟਿਸ ਸੀ ਰਾਹਤ ਕੋਸ਼ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਥੇ ਹੀ ਮਰੀਜ਼ ਹੈਪਾਟਾਈਟਿਸ ਸੀ ਦੀ ਜਾਂਚ ਲਈ ਮਹਿੰਗੇ ਟੈਸਟ ਕਾਰਨ ਪਰੇਸ਼ਾਨ ਹਨ। ਮਾਮਲੇ ਬਾਰੇ ਸਿਹਤ ਵਿਭਾਗ ਦੇ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ। ਪਿੰਡ ਕੋਟਲਾ ਵਾਸੀ ਬੀਰੋ ਕਾਲੇ ਪੀਲੀਏ ਦੀ ਗਿ੍ਰਫ਼ਤ ਵਿਚ ਹੈ। ਉਸ ਦਾ ਕਹਿਣਾ ਹੈ ਕਿ ਉਹ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਲਈ ਗਈ। ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਜਾਂਚ ਲਈ ਮਹਿੰਗੇ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਉਹ ਅਪਾਹਜ ਹੈ ਅਤੇ ਆਰਥਿਕ ਤੌਰ 'ਤੇ ਵੀ ਕਾਫੀ ਕਮਜ਼ੋਰ ਹੈ। ਇਲਾਜ ਤੇ ਟੈਸਟ ਕਰਵਾਉਣ ਤੋਂ ਅਸਮਰਥ ਹੈ। ਉਸ ਨੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਪਰੰਤੂ ਕੋਈ ਸਹਾਰਾ ਨਹੀਂ ਮਿਲਿਆ। ਓਧਰ ਮਨਜੀਤ ਸਿੰਘ ਪੁੱਤਰ ਨਿਧਾਨ ਸਿੰਘ ਵਾਸੀ ਮਾਨ ਨਗਰ ਲੱਧੇਵਾਲੀ ਵੀ ਕਾਲੇ ਪੀਲੀਏ ਦਾ ਸ਼ਿਕਾਰ ਹੈ। ਉਸ ਦੇ ਟੈਸਟ ਤੇ ਇਲਾਜ ਲਈ ਉਸ ਦੀ ਪਤਨੀ ਮਹਿੰਦਰ ਕੌਰ ਆਰਥਿਕ ਸਹਾਇਤਾ ਲਈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਚੱਕਰ ਕੱਟ ਹੈ। ਸਿਵਲ ਸਰਜਨ ਡਾ. ਰਾਜੀਵ ਭੱਲਾ ਦਾ ਕਹਿਣਾ ਹੈ ਕਿ ਇਸ ਸਬੰਧੀ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੋਈ ਫੈਸਲਾ ਲੈ ਸਕਦੇ ਹਨ।
↧