ਜਲੰਧਰ (ਜੇਐੱਨਐੱਨ) : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੰਗਲਵਾਰ ਨੂੰ ਚੰਡੀਗੜ੍ਹ 'ਚ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੀ ਇਕ ਮੀਟਿੰਗ ਬੁਲਾਈ। ਇਸ ਵਿਚ ਸਬੰਧਤ ਜ਼ਿਲਿ੍ਹਆਂ ਅੰਦਰ ਚੱਲ ਰਹੇ ਵਿਕਾਸ ਦੇ ਪ੍ਰਾਜੈਕਟਾਂ ਦਾ ਰੀਵਿਊ ਕੀਤਾ ਗਿਆ। ਇਸ ਦੌਰਾਨ ਸਰਕਾਰੀ ਸਕੀਮਾਂ ਦਾ ਜਾਇਜ਼ਾ ਵੀ ਲਿਆ ਗਿਆ। ਪੰਜਾਬ ਅਰਬਨ ਇਨਫਰਾਸਟਰੱਕਚਰ ਡਿਵੈੱਲਪਮੈਂਟ ਬੋਰਡ (ਪੀਆਈਡੀਬੀ) ਅਧੀਨ ਵੱਖ-ਵੱਖ ਜ਼ਿਲਿ੍ਹਆਂ ਨੂੰ ਜਾਰੀ ਹੋਈ ਰਾਸ਼ੀ ਦਾ ਰੀਵਿਊ ਕੀਤਾ ਗਿਆ। ਜਲੰਧਰ ਨੂੰ ਇਸ ਪ੍ਰਾਜੈਕਟ ਤਹਿਤ ਕਰੀਬ ਪੰਜ ਸੌ ਕਰੋੜ ਰੁਪਏ ਜਾਰੀ ਕੀਤੇ ਗਏ ਸੀ, ਜਿਨ੍ਹਾਂ ਵਿਚ ਸੜਕਾਂ ਤੇ ਸੀਵਰੇਜ ਨਾਲ ਸਬੰਧਤ ਕੰਮ ਕੀਤੇ ਜਾ ਰਹੇ ਹਨ। ਜਲੰਧਰ 'ਚ ਕੁੱਲ 460 ਕੰਮਾਂ ਦੇ ਟੈਂਡਰ ਲਗਾਏ ਗਏ ਸਨ, ਜਿਨ੍ਹਾਂ ਵਿਚੋਂ ਅਜੇ ਤਕ ਸਿਰਫ਼ 50 ਕੰਮ ਹੀ ਪੂਰੇ ਹੋਏ ਹਨ। ਇਹ ਸਾਰੇ ਕੰਮ 167 ਕਰੋੜ ਰੁਪਏ ਨਾਲ ਹੋਣੇ ਹਨ। 200 ਤੋਂ ਜ਼ਿਆਦਾ ਸੜਕਾਂ ਦੇ ਕੰਮ ਅਜਿਹੇ ਹਨ ਜੋ ਅਜੇ ਤਕ ਸ਼ੁਰੂ ਵੀ ਨਹੀਂ ਹੋ ਸਕੇ। ਇਸ ਦੇਰੀ ਤੋਂ ਬਾਅਦ ਡੀਸੀ ਕਮਲ ਕਿਸ਼ੋਰ ਯਾਦਵ ਨੇ ਸਖ਼ਤ ਕਦਮ ਚੁੱਕਦਿਆਂ ਕਰੀਬ 34 ਕਰੋੜ ਰੁਪਏ ਦਾ ਕੰਮ ਇੰਪਰੂਵਮੈਂਟ ਟਰੱਸਟ ਨੂੰ ਤਬਦੀਲ ਕਰ ਦਿੱਤੇ ਹਨ। ਪੀਆਈਡੀਬੀ ਨੇ ਇੰਪਰੂਵਮੈਂਟ ਟਰੱਸਟ ਨੂੰ ਐਗਜ਼ੀਕਿਊਸ਼ਨ ਏਜੰਸੀ ਬਣਾਉਣ 'ਤੇ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਡੀਸੀ ਨੇ ਟਰੱਸਟ ਨੂੰ ਛੇਤੀ ਕੰਮ ਸ਼ੁਰੂ ਕਰਨ ਲਈ ਕਿਹਾ ਹੈ। ਡਿਪਟੀ ਕਮਿਸ਼ਨਰ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਸਾਰੇ ਕੰਮ 31 ਅਗਸਤ ਤਕ ਸ਼ੁਰੂ ਹੋ ਜਾਣ ਅਤੇ 15 ਤੋਂ 31 ਅਕਤੂਬਰ ਤਕ ਸਾਰੇ ਕੰਮ ਪੂਰੇ ਹੋ ਜਾਣੇ ਚਾਹੀਦੇ ਹਨ।
↧