ਗੁਰਾਇਆ (ਪੱਤਰ ਪ੍ਰੇਰਕ) : ਜ਼ਿੰਦਗੀ 'ਚ ਅੱਗੇ ਲੰਘਣ ਦੀ ਕੋਸ਼ਿਸ਼ ਕਈ ਵਾਰ ਆਦਮੀ ਨੂੰ ਮਹਿੰਗੀ ਪੈ ਜਾਂਦੀ ਹੈ। ਇਸੇ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਬੜਾ ਪਿੰਡ ਵਿਖੇ ਜਿੱਥੇ ਦੋ ਟੈਂਪੂ ਚਾਲਕ ਜਦੋਂ ਆਪੋ ਆਪਣੇ ਟੈਂਪੂ ਨੂੰ ਅੱਗੇ ਲੰਘਾਉਣ ਲੱਗੇ ਤਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵੇਂ ਟੈਂਪੂਆਂ 'ਚ ਇਕ ਦਰਜਨ ਦੇ ਕਰੀਬ ਸਵਾਰੀਆਂ ਸਵਾਰ ਸਨ। ਇਸ ਸਬੰਧੀ ਟੈਂਪੂ ਵਿੱਚ ਸਵਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਟੈਂਪੂ ਵਿੱਚ ਸਵਾਰ ਹੋ ਕੇ ਬੜਾ ਪਿੰਡ ਤੋ ਗੁਰਾਇਆ ਨੂੰ ਆ ਰਹੇ ਸਨ, ਜਦੋਂ ਰੁੜਕਾ ਖੁਰਦ ਨਹਿਰ ਪੁਲੀ ਨਜ਼ਦੀਕ ਪੁੱਜੇ ਤਾਂ ਦੋਵੇਂ ਟੈਂਪੂ ਚਾਲਕ ਇਕ-ਦੂਜੇ ਤੋਂ ਅੱਗੇ ਲੰਘਣ ਲਈ ਰੇਸ ਲਗਾਉਣ ਲੱਗੇ, ਜਦੋਂ ਦੋਵੇਂ ਟੈਂਪੂ ਬਰਾਬਰੀ 'ਤੇ ਆਏ ਤੇ ਦੋਵਾਂ ਦੀ ਆਪਸ 'ਚ ਟੱਕਰ ਹੋ ਗਈ, ਜਿਸ ਨਾਲ ਇਕ ਟੈਂਪੂ ਪਲਟ ਗਿਆ ਤੇ ਇਕ ਟੈਂਪੂ ਦਰੱਖਤ 'ਚ ਜਾ ਵੱਜਾ। ਹਾਦਸੇ 'ਚ ਦੋਵੇਂ ਟੈਂਪੂੁਆਂ 'ਚ ਸਵਾਰ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ 'ਚੋਂ ਇਕ ਅੌਰਤ ਸਰਬਜੀਤ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਬੜਾ ਪਿੰਡ, ਨੌਜਵਾਨ ਲੜਕੀ ਸੁਸ਼ਮਾ ਪਿੰਡ ਮਾਹਲ ਤੇ ਜੋਤੀ ਵਾਸੀ ਅੱਟਾ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹ ਜ਼ੇਰੇ ਇਲਾਜ ਹਨ।
↧