ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਤੇ ਪਾਕਿਸਤਾਨ ਦੇ ਨਾਲ ਹੁਣ ਸਖ਼ਤ ਰੁਖ਼ ਵਿਖਾਉਣ ਦੀ ਰਣਨੀਤੀ ਦਾ ਖੁੱਲ੍ਹਾ ਸੰਕੇਤ ਦਿੰਦੇ ਹੋਏ ਸਾਫ਼ ਕਿਹਾ ਹੈ ਕਿ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਅਹਿਮ ਹਿੱਸਾ ਹੈ। ਸਰਬ ਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਆਪਣੇ ਨਾਗਰਿਕਾਂ 'ਤੇ ਲੜਾਕੂ ਜਹਾਜ਼ ਨਾਲ ਬੰਬ ਵਰ੍ਹਾਉਣ ਵਾਲੇ ਪਾਕਿਸਤਾਨ ਨੂੰ ਪੀਓਕੇ ਅਤੇ ਬਲੋਚਿਸਤਾਨ ਵਿਚ ਹੋਣ ਵਾਲੇ ਜ਼ੁਲਮਾਂ ਦਾ ਜਵਾਬ ਦੇਣਾ ਪਵੇਗਾ। ਦੁਨੀਆ 'ਚ ਪਾਕਿ ਦੇ ਇਸ ਚਿਹਰੇ ਨੂੰ ਬੇਨਕਾਬ ਕਰਨ ਲਈ ਪੀਐੱਮ ਨੇ ਵਿਦੇਸ਼ ਮੰਤਰਾਲੇ ਤੋਂ ਕਦਮ ਚੁੱਕਣ ਲਈ ਵੀ ਕਿਹਾ ਹੈ। ਪੀਐੱਮ ਨੇ ਜੰਮੂ-ਕਸ਼ਮੀਰ 'ਚ ਜਾਰੀ ਹਿੰਸਾ ਲਈ ਪੂਰੀ ਤਰ੍ਹਾਂ ਪਾਕਿ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਿੰਸਾ ਵਿਚ ਹੋਈਆਂ ਮੌਤਾਂ 'ਤੇ ਡੂੰਗੀ ਚਿੰਤਾ ਪ੍ਰਗਟ ਕਰਦੇ ਹੋਏ ਪੀਐੱਮ ਨੇ ਸੰਵਿਧਾਨਕ ਦਾਇਰੇ ਵਿਚ ਸਥਾਈ ਅਤੇ ਸ਼ਾਂਤੀਪੂਰਨ ਹੱਲ ਲਈ ਦਰਵਾਜ਼ੇ ਖੁੱਲ੍ਹੇ ਹੋਣ ਦੀ ਗੱਲ ਵੀ ਕਹੀ ਹੈ। ਪਰ ਮੋਦੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਅੱਤਵਾਦ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਜੰਮੂ-ਕਸ਼ਮੀਰ ਵਿਚ ਜਾਰੀ ਹਿੰਸਾ 'ਤੇ ਸੰਸਦ ਵਿਚ ਜ਼ਾਹਰ ਕੀਤੀ ਗਈ ਚਿੰਤਾ ਦੇ ਮੱਦੇਨਜ਼ਰ ਸੱਦੀ ਗਈ ਸਰਬ ਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਦੇ ਇਸ ਰੁਖ਼ ਤੋਂ ਸਾਫ਼ ਹੈ ਕਿ ਵਾਦੀ ਵਿਚ ਪਾਕਿ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਕਰਤੂਤਾਂ 'ਤੇ ਸਰਕਾਰ ਨਰਮੀ ਨਹੀਂ ਵਰਤੇਗੀ। ਚਾਰ ਘੰਟਿਆਂ ਦੀ ਇਸ ਮੈਰਾਥਨ ਬੈਠਕ ਵਿਚ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੀ ਰਾਏ ਸੁਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਹੀ ਪੀਓਕੇ ਨੂੰ ਭਾਰਤ ਦਾ ਅਹਿਮ ਹਿੱਸਾ ਦੱਸਣ ਤੋਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਜੰਮੂ-ਕਸ਼ਮੀਰ ਦੀ ਗੱਲ ਕਰਦੇ ਹਾਂ ਤਾਂ ਫਿਰ ਸੂਬੇ ਦੇ ਚਾਰ ਭਾਗਾਂ ਜੰਮੂ, ਲੱਦਾਖ, ਕਸ਼ਮੀਰ ਵਾਦੀ ਅਤੇ ਪੀਓਕੇ ਦੀ ਚਰਚਾ ਕਰਨੀ ਚਾਹੀਦੀ ਹੈ। ਜੰਮੂ-ਕਸ਼ੀਰ ਵਿਚ ਪਿਛਲੇ 25 ਸਾਲਾਂ ਤੋਂ ਪਾਕਿ ਦੀਆਂ ਕੁਝ ਅੱਤਵਾਦੀ ਕਰਤੂਤਾਂ ਦੇ ਅੰਕੜੇ ਦਿੰਦੇ ਹੋਏ ਪੀਐੱਮ ਨੇ ਕਿਹਾ ਕਿ ਪਾਕਿਸਤਾਨ ਭਾਵੇਂ ਲੱਖ ਝੂਠੇ ਬੋਲੇ ਤਾਂ ਵੀ ਦੁਨੀਆ ਉਸ ਦੇ ਝੂਠੇ ਪ੍ਰਚਾਰ ਨੂੰ ਸਵੀਕਾਰ ਨਹੀਂ ਕਰੇਗੀ। ਕਸ਼ਮੀਰ ਵਿਚ ਪਾਕਿ ਦੇ ਮੱਗਰਮੱਛ ਹੰਝੂਆਂ 'ਤੇ ਵਿਅੰਗ ਕਰਦੇ ਹੋਏ ਪੀਐੱਮ ਨੇ ਉਸ ਨੂੰ ਬਲੋਚਿਸਤਾਨ ਅਤੇ ਪੀਓਕੇ ਵਿਚ ਲੋਕਾਂ 'ਤੇ ਹੋ ਰਹੇ ਗੰਭੀਰ ਜ਼ੁਲਮਾਂ ਦਾ ਸ਼ੀਸ਼ਾ ਵਿਖਾਇਆ। ਮੋਦੀ ਨੇ ਕਿਹਾ ਕਿ ਉਹ ਵਿਦੇਸ਼ ਮੰਤਰਾਲੇ ਨੂੰ ਇਹ ਕਹਿਣਗੇ ਕਿ ਦੁਨੀਆ ਭਰ ਵਿਚ ਪੀਓਕੇ ਦੇ ਲੋਕ ਜਿੱਥੇ ਹਨ, ਉਨ੍ਹਾਂ ਨਾਲ ਸੰਪਰਕ ਕਰਕੇ ਪਾਕਿ ਦੇ ਜ਼ੁਲਮਾਂ ਦੇ ਕਾਰਨਾਮਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ। ਪੀਐੱਮ ਨੇ ਇਹ ਵੀ ਕਿਹਾ ਕਿ ਇਸ ਹਕੀਕਤ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਸਦੀਆਂ ਤੋਂ ਰਹਿ ਰਹੇ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਤੋਂ ਹਿਜਰਤ ਕਰਨ ਦੇ ਪਿੱਛੇ ਵੀ ਪਾਕਿਸਤਾਨ ਦਾ ਹੱਥ ਰਿਹਾ ਹੈ। ਕਿਉਂਕਿ ਇਕ ਭਾਈਚਾਰੇ ਵਿਸ਼ੇਸ਼ ਖ਼ਿਲਾਫ਼ ਇਸ ਤਰ੍ਹਾਂ ਦੀ ਜ਼ਿਆਦਤੀ ਪਾਕਿਸਤਾਨ ਵਿਚ ਸਿਖਲਾਈ ਅਤੇ ਹਥਿਆਰਾਂ ਨਾਲ ਲੈਸ ਕੀਤੇ ਗਏ ਅੱਤਵਾਦੀਆਂ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਕੰਮ ਹੈ। ਇਹ ਕਸ਼ਮੀਰੀਅਤ ਨਹੀਂ ਹੋ ਸਕਦੀ। ਮੋਦੀ ਨੇ ਕਿਹਾ ਕਿ ਅਸੀਂ ਜਲਦੀ ਤੋਂ ਜੰਮੂ-ਕਸ਼ਮੀਰ ਵਿਚ ਸ਼ਾਂਤੀ ਸਥਾਪਤ ਕਰਨਾ ਚਾਹੁੰਦੇ ਹਾਂ। ਇਸ ਸਰਬ ਪਾਰਟੀ ਬੈਠਕ ਵਿਚ ਸੰਸਦ ਦੇ ਦੋਵਾਂ ਸਦਨਾਂ ਦੇ ਸਾਰੀਆਂ ਪਾਰਟੀਆਂ ਦੇ ਨੇਤਾ ਮੌਜੂਦ ਸਨ। ਇਨ੍ਹਾਂ ਵਿਚ ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ ਤੇ ਮਲਿੱਕਾਰਜੁਨ ਖੜਗੇ ਵੀ ਸ਼ਾਮਲ ਸਨ।