ਸਟੇਟ ਬਿਊਰੋ, ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਿਮਾਚਲ ਪ੍ਰਦੇਸ਼ ਤੋਂ 10 ਦਿਨ ਦੀ ਵਿਪਸ਼ਿਅਨਾ ਤੋਂ ਪਰਤਣ ਦੇ ਬਾਅਦ ਐਕਸ਼ਨ 'ਚ ਹਨ। ਉਨ੍ਹਾਂ ਨੇ ਤਿੰਨ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਮਰ ਕੱਸ ਲਈ ਹੈ। ਕੇਜਰੀਵਾਲ ਨੇ ਪੰਜਾਬ, ਗੋਆ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਜਿੱਤ ਲਈ ਰਣਨੀਤੀ ਬਣਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਨੂੰ ਜਿੰਮੇਵਾਰੀ ਸੌਂਪ ਦਿੱਤੀ ਹੈ।
ਸੂਤਰਾਂ ਮੁਤਾਬਕ ਕੇਜਰੀਵਾਲ ਨੇ ਪੰਜਾਬ ਦਾ ਜ਼ਿੰਮਾ ਆਪਣੇ ਕੋਲ ਰੱਖਿਆ ਹੈ। ਉਹ ਪੰਜਾਬ ਦੇ ਮਾਮਲੇ ਸਿੱਧੇ ਤੌਰ 'ਤੇ ਖ਼ੁਦ ਦੇਖਣਗੇ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਗੋਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਲ ਮੰਤਰੀ ਕਪਿਲ ਮਿਸ਼ਰਾ ਅਤੇ ਪਾਰਟੀ ਦੇ ਸੀਨੀਅਰ ਨੇਤਾ ਆਸ਼ੂਤੋਸ਼ ਨੂੰ ਗੁਜਰਾਤ ਦਾ ਜ਼ਿੰਮਾ ਦਿੱਤਾ ਗਿਆ ਹੈ। ਸਿਹਤ ਖ਼ਰਾਬ ਹੋਣ ਕਾਰਨ ਗੋਪਾਲ ਰਾਏ ਨੂੰ ਇਸ ਪੂਰੀ ਮੁਹਿੰਮ ਤੋਂ ਅਲੱਗ ਰੱਖਿਆ ਗਿਆ ਹੈ। ਜ਼ਿੰਮੇਵਾਰੀ ਦੀ ਵੰਡ ਦੇ ਨਾਲ ਹੀ ਕੇਜਰੀਵਾਲ ਨੇ ਇਨ੍ਹਾਂ ਸਾਰੇ ਨੇਤਾਵਾਂ ਨੂੰ ਸਤੰਬਰ ਦੇ ਪਹਿਲੇ ਹਫਤੇ ਤੋਂ ਕੰਮ 'ਤੇ ਲੱਗਣ ਦਾ ਹੁਕਮ ਦਿੱਤਾ ਹੈ। ਰਣਨੀਤੀ ਤਹਿਤ ਜਿਨ੍ਹਾਂ ਨੇਤਾਵਾਂ ਨੂੰ ਜਿਸ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਹਰ ਮਹੀਨੇ 10-15 ਦਿਨ ਉਸ ਸੂਬੇ 'ਚ ਬਿਤਾਉਣਗੇ। ਸਤੰਬਰ ਤੋਂ ਇਨ੍ਹਾਂ ਸੂਬਿਆਂ 'ਚ ਚੋਣ ਰੈਲੀਆਂ ਦਾ ਦੌਰ ਸ਼ੁਰੂ ਹੋ ਜਾਏਗਾ।
ਚੋਣ 'ਚ ਜਿੱਤ ਲਈ ਆਪ ਨੇ ਰੋਡਮੈਪ ਤਿਆਰ ਕਰ ਲਿਆ ਹੈ। ਇਸ ਦੇ ਮੁਤਾਬਕ, ਕੇਜਰੀਵਾਲ ਸਰਕਾਰ ਦੀ ਗੁੱਡ ਗਵਰਨੈਂਸ ਦਾ ਇਨ੍ਹਾਂ ਤਿੰਨਾਂ ਸੂਬਿਆਂ 'ਚ ਪ੍ਰਮੁੱਖਤਾ ਨਾਲ ਪ੍ਰਚਾਰ ਕੀਤਾ ਜਾਏਗਾ। ਉਥੇ ਜਨਤਾ ਨੂੰ ਕਿਹਾ ਜਾਏਗਾ ਕਿ ਜੇਕਰ ਦਿੱਲੀ ਵਰਗੀ ਸਰਕਾਰ ਚਾਹੁੰਦੇ ਹੋ ਤਾਂ ਬਦਲਾਅ ਲਿਆਉਣਾ ਪਵੇਗਾ। ਆਮ ਆਦਮੀ ਪਾਰਟੀ ਨੂੰ ਲਿਆਉਣਾ ਪਵੇਗਾ।