==ਬੋਲੇ ਇਲਾਕਾ ਵਾਸੀ
-15 ਸਾਲਾਂ ਤੋਂ ਨਹੀਂ ਹੋਇਆ ਵਿਕਾਸ
-ਝੂਲੇ ਹੋਏ ਗ਼ਾਇਬ, ਬੂਟਿਆਂ ਦਾ ਵੀ ਮਾੜਾ ਹਾਲ
ਪੱਤਰ ਪ੍ਰੇਰਕ, ਜਲੰਧਰ : ਸ਼ਹਿਰ ਦੇ ਵਾਰਡ-21 ਅਧੀਨ ਆਉਂਦੇ ਅੰਦਰੂਨੀ ਇਲਾਕੇ ਸੋਢਲ ਨਗਰ ਦੇ ਪਾਰਕ ਦੀ ਹਾਲਤ ਅੱਜਕਲ੍ਹ ਕਾਫ਼ੀ ਖਸਤਾ ਹੈ। ਇਲਾਕਾ ਵਾਸੀਆਂ ਦੀ ਮੰਨੀਏ ਤਾਂ ਇੱਥੇ 15 ਸਾਲਾਂ ਤੋਂ ਕੋਈ ਸੁਧਾਰ ਹੀ ਨਹੀਂ ਹੋਇਆ। ਕੌਂਸਲਰ ਨੇ ਤਾਂ ਕਦੇ ਇਸ ਇਲਾਕੇ ਵੱਲ ਮੂੰਹ ਤਕ ਨਹੀਂ ਕੀਤਾ। ਉਸ ਨੂੰ ਤਾਂ ਵੋਟਾਂ ਵੇਲੇ ਹੀ ਵੇਖਿਆ ਜਾਂਦਾ ਹੈ, ਉਸ ਤੋਂ ਬਾਅਦ ਇੱਧਰ ਆਉਣਾ ਵੀ ਸ਼ਾਇਦ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਗ੍ਰੀਨ ਪਾਰਕ ਨੂੰ ਬਣੇ ਤਾਂ 25 ਸਾਲ ਹੋ ਚੁੱਕੇ ਹਨ ਪਰ ਇਸ ਦੀ ਹਾਲਤ ਬਹੁਤ ਖ਼ਰਾਬ ਹੈ। ਪਾਰਕ ਦਾ ਮੇਨ ਗੇਟ ਟੁੱਟਾ ਹੋਇਆ ਹੈ ਤੇ ਪਾਰਕ ਅੰਦਰ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਕਈ-ਕਈ ਮਹੀਨੇ ਪਾਰਕ 'ਚ ਕੋਈ ਮਾਲੀ ਨਹੀਂ ਆਉਂਦਾ। ਬੂਟਿਆਂ ਨੂੰ ਪਾਣੀ ਦੇਣ ਲਈ ਵੀ ਲੋਕ ਹੀ ਉਪਰਾਲੇ ਕਰਦੇ ਹਨ। ਨਿਗਮ ਬੂਟੇ ਲਗਾਉਣ ਦੀ ਖਾਨਾਪੂਰਤੀ ਤਾਂ ਕਰ ਜਾਂਦਾ ਹੈ ਪਰ ਕੌਂਸਲਰ ਵੱਲੋਂ ਧਿਆਨ ਨਾ ਦਿੱਤੇ ਜਾਣ ਅਤੇ ਮਾਲੀਆਂ ਵੱਲੋਂ ਕੰਮ ਨਾ ਕੀਤੇ ਜਾਣ ਕਾਰਨ ਬੂਟੇ ਦਮ ਤੋੜ ਜਾਂਦੇ ਹਨ।
ਪਾਰਕ 'ਚ ਝੂਲੇ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ ਹੈ। ਟੋਇਆਂ ਕਾਰਨ ਬੱਚਿਆਂ ਨੂੰ ਖੇਡਣ ਵੇਲੇ ਸੱਟਾਂ ਵੀ ਲੱਗਦੀਆਂ ਹਨ। ਕੌਂਸਲਰ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਇਸ ਪਾਸੇ ਧਿਆਨ ਨਹੀਂ ਦਿੱਤਾ। ਇਸ ਦੇ ਇਲਾਵਾ ਪਾਰਕ 'ਚ ਲਾਈਟ ਦਾ ਵੀ ਪ੍ਰਬੰਧ ਨਹੀਂ ਹੈ ਤੇ ਰਾਤ ਵੇਲੇ ਇੱਥੇ ਨਸ਼ੇੜੀ ਆਪਣਾ ਕੰਮ ਕਰਦੇ ਲੋਕਾਂ ਨੇ ਕਈ ਵਾਰ ਫੜ ਕੇ ਭਜਾਏ ਹਨ।
ਇਸ ਬਾਰੇ ਸੋਢਲ ਯੂਥ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸ਼ੇਖਰ ਸ਼ਰਮਾ, ਪ੍ਰਧਾਨ ਹਰੀਸ਼ ਸ਼ਰਮਾ, ਵਰੁਣ ਸ਼ਰਮਾ, ਬਬਨੀਤ ਸਿੰਘ, ਗੌਰਵ ਅਰੋੜਾ, ਪ੍ਰਦੀਪ ਸ਼ਰਮਾ, ਰਾਜੇਸ਼ ਕੁਮਾਰ, ਕਾਕੂ, ਗਿੰਨੀ, ਗਣੇਸ਼ ਸ਼ਰਮਾ, ਵਿਜੈ ਸ਼ਰਮਾ ਨੇ ਦੱਸਿਆ ਕਿ ਗ੍ਰੀਨ ਪਾਰਕ ਦੇ ਰਖਰਖਾਅ ਨਾ ਕੀਤਾ ਗਿਆ ਤਾਂ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
ਨੇੜੇ ਦੇ ਲੋਕ ਹੀ ਹਾਲਾਤ ਲਈ ਜ਼ਿੰਮੇਵਾਰ : ਕੌਂਸਲਰ
ਇਸ ਬਾਰੇ ਕੌਂਸਲਰ ਦਲਵਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਮਹੀਨਾ ਪਹਿਲਾਂ ਹੀ ਪਾਰਕ ਦੀ ਪੂਰੀ ਤਰ੍ਹਾਂ ਸਫ਼ਾਈ ਕਰਵਾਈ ਗਈ ਸੀ ਪਰ ਲੋਕ ਆਪਣੇ ਘਰ ਤੋੜ ਕੇ ਨਵੇਂ ਤਾਂ ਬਣਵਾ ਲੈਂਦੇ ਹਨ ਪਰ ਮਲਬਾ ਪਾਰਕ ਵਿਚ ਸੁੱਟ ਜਾਂਦੇ ਹਨ। ਅਜਿਹੇ ਲੋਕ ਹੀ ਪਾਰਕ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਹਨ। ਲੋਕਾਂ ਨੂੰ ਸਹੂਲਤਾਂ ਲੈਣ ਲਈ ਖੁਦ ਜਾਗਰੂਕ ਹੋਣਾ ਪਵੇਗਾ।