-ਪੁਲਿਸ ਨੇ ਸਕੂਲ ਅਧਿਕਾਰੀਆਂ ਖ਼ਿਲਾਫ਼ ਕੀਤਾ ਕੇਸ ਦਰਜ
ਇੰਫਾਲ (ਆਈਏਐੱਨਐੱਸ) : ਮਨੀਪੁਰ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਮੇਂ 'ਤੇ ਸਕੂਲ ਦੀ ਫ਼ੀਸ ਨਾ ਦੇਣ ਕਾਰਨ ਸਕੂਲ ਅਧਿਕਾਰੀਆਂ ਨੇ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕਰਕੇ ਵਿਦਿਆਰਥੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸੁਰੇਸ਼ ਤੋਂਗਬਰਾਮ ਦੀ ਕੁੱਟਮਾਰ ਨਾਲ ਮੌਤ ਦੇ ਦੋਸ਼ 'ਚ ਸਕੂਲ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਦੋ ਸਾਲ ਪਹਿਲਾਂ ਇੰਫਾਲ ਦੇ ਨਜ਼ਦੀਕ ਲੰਗੋਲ ਦੇ ਰੈਜ਼ੀਡੈਂਸ਼ਲ ਕਿਡਸ ਕੇਅਰ ਸਕੂਲ 'ਚ ਸੁਰੇਸ਼ ਦਾ ਦਾਖ਼ਲਾ ਕਰਵਾਇਆ ਸੀ। ਸੁਰੇਸ਼ ਦੇ ਪਿਤਾ ਬੀਰਾ ਤੋਂਗਬਰਮ ਨੇ ਦੱਸਿਆ ਕਿ ਉਹ ਗ਼ਰੀਬ ਕਿਸਾਨ ਹੋਣ ਕਾਰਨ ਸਕੂਲ ਤੇ ਹੋਸਟਲ ਫ਼ੀਸ ਦੇਣ ਤੋਂ ਅਸਮੱਰਥ ਹਨ। ਇਸ ਕਰਕੇ ਸਕੂਲ ਪ੍ਰਸ਼ਾਸਨ ਨੇ ਫ਼ੀਸ ਜਮ੍ਹਾਂ ਕਰਵਾਉਣ ਤੇ ਬੱਚੇ ਨੂੰ ਲੈ ਕੇ ਜਾਣ ਵਾਸਤੇ ਕਿਹਾ। ਜਦੋਂ ਬੱਚੇ ਨੂੰ ਲਿਆਉਣ ਗਏ ਤਾਂ ਸਕੂਲ ਨੇ ਫ਼ੀਸ ਜਮ੍ਹਾਂ ਹੋਣ ਤੋਂ ਪਹਿਲਾਂ ਬੱਚੇ ਨੂੰ ਨਹੀਂ ਜਾਣ ਦਿੱਤਾ। ਇਸ ਦੇ ਬਾਅਦ ਸ਼ੁੱਕਰਵਾਰ ਨੂੰ ਸਕੂਲ ਪ੍ਰਸ਼ਾਸਨ ਸੁਰੇਸ਼ ਨੂੰ ਘਰ ਛੱਡ ਗਿਆ। ਜਦੋਂ ਸੁਰੇਸ਼ ਘਰ ਆਇਆ ਤਾਂ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਘਰ ਆਉਣ ਤੋਂ ਕੁਝ ਸਮਾਂ ਮਗਰੋਂ ਹੀ ਬੱਚਾ ਬੇਹੋਸ਼ ਹੋ ਗਿਆ ਤੇ ਸ਼ਨਿਚਰਵਾਰ ਨੂੰ ਉਸ ਦੀ ਮੌਤ ਹੋ ਗਈ। ਸੁਰੇਸ਼ ਨੂੰ ਘਰ ਛੱਡਣ ਆਏ ਵਿਅਕਤੀ ਨੇ ਕਿਹਾ ਕਿ ਆਗਿਆ ਨਾ ਮੰਨਣ ਕਾਰਨ ਸੁਰੇਸ਼ ਨੂੰ ਸਜ਼ਾ ਦਿੱਤੀ ਗਈ ਹੈ। ਇਹੀ ਨਹੀਂ ਉਨ੍ਹਾਂ ਨੂੰ 31 ਅਗਸਤ ਤਕ ਫ਼ੀਸ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਗਿਆ।