ਜੇਐੱਨਐੱਨ, ਨਵੀਂ ਦਿੱਲੀ : ਦਸ ਹਜ਼ਾਰ ਖਾਲੀ ਫੁਲ ਪੈਂਟਾਂ ਦੀ ਪਹਿਲੀ ਖੇਪ ਸੋਮਵਾਰ ਨੂੰ ਰਾਸ਼ਟਰੀ ਸਵੈ ਸੇਵਕ (ਆਰਐੱਸਐੱਸ) ਦੇ ਨਾਗਪੁਰ ਸਥਿਤ ਮੁੱਖ ਦਫ਼ਤਰ 'ਤੇ ਉਸ ਦੀ ਦੁਕਾਨ 'ਤੇ ਪਹੁੰਚ ਗਈਆਂ। ਇਸ ਦੁਕਾਨ ਤੋਂ ਸਵੈ ਸੇਵਕਾਂ ਨੂੰ ਵਰਦੀ ਦੀ ਵਿਕਰੀ ਕੀਤੀ ਜਾਂਦੀ ਹੈ। ਹਰੇਕ ਪੈਂਟ ਦੀ ਕੀਮਤ 250 ਰੁਪਏ ਹੈ। ਇਹ ਫੁਲ ਪੈਂਟ ਖਾਕੀ ਹਾਫਪੈਂਟ ਦੀ ਜਗ੍ਹਾ ਲਵੇਗੀ।
ਆਰਐੱਸਐੱਸ ਮੈਂਬਰ ਪਿਛਲੇ 90 ਸਾਲਾਂ ਤੋਂ ਖਾਕੀ ਹਾਫਪੈਂਟ ਪਾਉਂਦੇ ਰਹੇ ਹਨ। ਦੁਸ਼ਹਿਰੇ 'ਤੇ 11 ਅਕਤੂਬਰ ਨੂੰ ਸੰਘ ਦੇ ਮੈਂਬਰ ਹਾਫਪੈਂਟ ਦੀ ਜਗ੍ਹਾ ਫੁਲਪੈਂਟ ਅਪਣਾ ਲੈਣਗੇ। ਦਰਅਸਲ, ਸੰਘ ਦੇ ਲਗਪਗ ਦਸ ਸਾਲ ਤਕ ਚਲੀ ਬਹਿਸ ਅਤੇ ਸਰਵੇ ਤੋਂ ਬਾਅਦ ਵਰਦੀ ਬਦਲਣ ਦਾ ਫ਼ੈਸਲਾ ਇਸੇ ਸਾਲ ਦੀ ਸ਼ੁਰੂਆਤ 'ਚ ਲਿਆ ਸੀ। ਸੰਘ ਦੇ ਇਕ 12 ਮੈਂਬਰੀ ਵਫ਼ਦ ਨੇ ਪੂਰੇ ਦੇਸ਼ ਦਾ ਦੌਰਾ ਕਰਕੇ ਇਸ ਬਾਰੇ 'ਚ ਵਿਚਾਰ ਵੀ ਜਾਣੇ ਸਨ। ਹੁਣ ਖਾਸੀ ਫੁਲਪੈਂਟ ਨਾਲ ਸਫੈਦ ਸ਼ਰਟ, ਕਾਲੀ ਟੋਪੀ, ਬ੍ਰਾਊਨ ਮੋਜ਼ੇ ਅਤੇ ਬਾਂਸ ਦੀ ਲਾਠੀ ਵਰਦੀ 'ਚ ਸ਼ਾਮਲ ਹੋਵੇਗੀ। ਪਹਿਲਾ ਪੈਂਟ ਦਾ ਰੰਗ ਬਦਲ ਕੇ ਗ੍ਰੇ ਕਰਨ 'ਤੇ ਵੀ ਵਿਚਾਰ ਕੀਤਾ ਗਿਆ ਸੀ ਪਰ ਸਹਿਮਤੀ ਇਸ ਗੱਲ 'ਤੇ ਬਣੀ ਕਿ ਸਾਲਾਂ ਤੋਂ ਸੰਘ ਦੇ ਨਾਲ ਜੁੜੇ ਖਾਕੀ ਰੰਗ ਨੂੰ ਸਿਆਸੀ ਮਹੱਤਵ ਕਾਰਨ ਨਹੀਂ ਛੱਡਿਆ ਜਾ ਸਕਦਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਘ ਨੇ 2011 'ਚ ਆਪਣੀ ਵਰਦੀ 'ਚ ਲੈਦਰ ਬੈਲਟ ਦੀ ਜਗ੍ਹਾ ਮੋਟੀ ਕੈਨਵਾਸ ਬੈਲਟ ਨੂੰ ਸ਼ਾਮਿਲ ਕੀਤਾ ਸੀ। ਸ਼ੁਰੂਆਤ 'ਚ ਸੰਘ ਦੀ ਵਰਦੀ 'ਚ ਖਾਸੀ ਸ਼ਰਟ ਅਤੇ ਖਾਕੀ ਹਾਫਪੈਂਟ ਸ਼ਾਮਲ ਸੀ ਪਰ 1940 'ਚ ਖਾਕੀ ਸ਼ਰਟ ਦੀ ਜਗ੍ਹਾ ਸਫੈਦ ਸ਼ਰਟ ਸ਼ਾਮਲ ਕਰ ਲਈ ਗਈ ਸੀ।