-ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦਾ ਦਾਅਵਾ
-ਸੌਦੇਬਾਜ਼ੀ ਦੀ ਸਥਿਤੀ 'ਚ ਰਹਿਣਾ ਚਾਹੁੰਦੇ ਹਨ ਦੋਵੇਂ ਦੇਸ਼
ਹਾਂਗਝੂ (ਪੀਟੀਆਈ) : ਜੀ-20 ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਅਤਨਾਮ ਦੌਰੇ ਨੇ ਚੀਨ ਦੀ ਚਿੰਤਾ ਵਧਾ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਅਜਿਹਾ ਚੀਨ 'ਤੇ ਸੰਯੁਕਤ ਰੂਪ 'ਚ ਦਬਾਅ ਬਣਾਉਣ ਲਈ ਕੀਤਾ ਹੈ, ਤਾਕਿ ਦੋਵੇਂ ਦੇਸ਼ ਸੌਦੇਬਾਜ਼ੀ ਕਰ ਸਕਣ।
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੀ ਵੈੱਬਸਾਈਟ 'ਤੇ ਐਤਵਾਰ ਨੂੰ ਛਪੇ ਇਕ ਲੇਖ 'ਚ ਇਹ ਦਾਅਵਾ ਕੀਤਾ ਗਿਆ ਹੈ। ਲੇਖ ਅਨੁਸਾਰ ਦੱਖਣੀ ਚੀਨ ਸਾਗਰ ਦੇ ਮੁੱਦੇ ਨੂੰ ਦੇਖਦੇ ਹੋਏ ਬੀਜਿੰਗ-ਹਨੋਈ ਰਿਸ਼ਤੇ ਪਿਛਲੇ ਸਾਲਾਂ 'ਚ ਸੁਚਾਰੂ ਨਹੀਂ ਰਹੇ ਹਨ। ਵੀਅਤਨਾਮੀ ਲੋਕਾਂ 'ਚ ਬੀਜਿੰਗ ਪ੍ਰਤੀ ਨਕਾਰਾਤਮਕ ਭਾਵਨਾਵਾਂ ਦਾ ਵਾਧਾ ਹੋਇਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਇਸ ਦੇ ਪਿੱਛੇ ਬੁਨਿਆਦੀ ਕਾਰਨ ਭਾਰਤ ਤੇ ਵੀਅਤਨਾਮ ਦੇ ਹਿੱਤ ਹਨ। ਚੀਨ ਨਾਲ ਗੱਲਬਾਤ ਦੌਰਾਨ ਨਵੀਂ ਦਿੱਲੀ ਤੇ ਹਨੋਈ ਦੋਵੇਂ ਖ਼ੁਦ ਨੂੰ ਸੌਦੇਬਾਜ਼ੀ ਦੀ ਸਥਿਤੀ 'ਚ ਰੱਖਣ ਦੇ ਚਾਹਵਾਨ ਹਨ ਪਰ ਉਨ੍ਹਾਂ ਨਾਲ ਕੋਈ ਵੀ ਬੀਜਿੰਗ ਤੋਂ ਟਕਰਾਅ ਨਹੀਂ ਚਾਹੁੰਦਾ ਹਾਲਾਂਕਿ ਅਜਿਹੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਦੋਵਾਂ ਦੇਸ਼ਾਂ 'ਚ ਕੋਈ ਵੀ ਮਹੱਤਵਪੂਰਣ ਭੂਮਿਕਾ ਨਹੀਂ ਨਿਭਾਵੇਗਾ। ਲੇਖ ਅਨੁਸਾਰ ਭਾਰਤ ਹਮੇਸ਼ਾਂ ਸਿੱਧੇ ਤੌਰ 'ਤੇ ਚੀਨ ਦੇ ਮੁਕਾਬਲੇ 'ਚ ੳੱਤਰਣ ਤੋਂ ਬੱਚਦਾ ਰਿਹਾ ਹੈ। ਇਸ ਸਬੰਧ 'ਚ ਅਮਰੀਕਾ ਅਕਸਰ ਨਵੀਂ ਦਿੱਲੀ ਨੂੰ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਆਪਣੀ ਰਣਨੀਤੀ ਤਹਿਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਭਾਰਤ ਨੇ ਹਮੇਸ਼ਾਂ ਵਾਸ਼ਿੰਗਟਨ ਦੀ ਅਜਿਹੀ ਕਿਸੇ ਵੀ ਪਹਿਲ ਦਾ ਉਤਸ਼ਾਹਜਨਕ ਜਵਾਬ ਨਹੀਂ ਦਿੱਤਾ। ਇਸ ਕਾਰਨ ਵਾਈਟ ਹਾਊਸ ਚਿੜਚਿੜਾਉਂਦਾ ਹੈ।
ਲੇਖ 'ਚ ਬਿ੍ਰਕਸ ਮੈਂਬਰਾਂ ਦੀਆਂ ਸ਼ਕਤੀਆਂ ਨੂੰ ਸਾਹਮਣੇ ਲਿਆਉਣ ਵਾਲੇ ਭਾਰਤ ਤੇ ਚੀਨ ਦਰਮਿਆਨ ਕਈ ਸਾਮਾਨਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਲੇਖ ਮੁਤਾਬਕ ਭਾਰਤ ਨੂੰ ਉਮੀਦ ਹੈ ਕਿ ਚੀਨ ਨਿਵੇਸ਼ ਤੇ ਉਦਯੋਗਪਤੀਆਂ ਦੀ ਮਦਦ ਨਾਲ ਆਪਣੇ ਅਵਿਕਸਿਤ ਬੁਨਿਆਦੀ ਢਾਂਚੇ 'ਚ ਸੁਧਾਰ ਕਰ ਸਕਦਾ ਹੈ।