ਸਟੇਟ ਬਿਊਰੋ, ਚੰਡੀਗੜ੍ਹ : ਕਾਂਗਰਸ ਤੋਂ ਬਰਖ਼ਾਸਤ ਹੋਣ ਦੇ ਬਾਅਦ ਆਪਣੀ ਸਿਆਸੀ ਜ਼ਮੀਨ ਲੱਭ ਰਹੇ ਜਗਮੀਤ ਬਰਾੜ ਆਖਰ ਆਮ ਆਦਮੀ ਪਾਰਟੀ 'ਚ ਹੀ ਜਾਣਗੇ। ਕਰੀਬ-ਕਰੀਬ ਇਹ ਤੈਅ ਹੋ ਗਿਆ ਹੈ। ਹੁਣ ਸਿਰਫ ਕੇਜਰੀਵਾਲ ਦੇ ਵਿਦੇਸ਼ ਤੋਂ ਵਾਪਸ ਆਉਣ ਦਾ ਇੰਤਜ਼ਾਰ ਹੋ ਰਿਹਾ ਹੈ। ਉੱਥੇ ਜਗਮੀਤ ਬਰਾੜ ਨੂੰ ਪਾਰਟੀ 'ਚ ਲੈ ਕੇ ਆਪ ਪੰਜਾਬ 'ਚ ਇਹ ਵੀ ਸੰਕੇਤ ਦੇਣਾ ਚਾਹੁੰਦੀ ਹੈ ਕਿ ਪਾਰਟੀ 'ਚ ਸਭ ਕੁਝ ਠੀਕ ਹੈ ਕਿਉਂਕਿ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਤੋਂ ਆਪ ਭੰਬਲਭੂਸੇ ਦਾ ਸ਼ਿਕਾਰ ਹੋ ਰਹੀ ਹੈ।
ਉੱਥੇ ਜਗਮੀਤ ਬਰਾੜ ਨੂੰ ਕਰੀਬ-ਕਰੀਬ ਆਪ 'ਚ ਆਉਣ ਨੂੰ ਲੈ ਕੇ ਹਰੀ ਝੰਡੀ ਮਿਲ ਚੁੱਕੀ ਹੈ ਅਤੇ ਬਰਾੜ ਪਿਛਲੇ ਚਾਰ-ਪੰਜ ਦਿਨਾਂ ਤੋਂ ਦਿੱਲੀ 'ਚ ਹੀ ਡੇਰਾ ਲਾਈ ਬੈਠੇ ਹਨ। ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਦੇ ਤਿੰਨ ਦਿਨ ਬਾਅਦ ਪੰਜਾਬ ਦੌਰੇ ਦੇ ਦਰਮਿਆਨ ਹੀ ਬਰਾੜ ਆਪ ਜੁਆਇਨ ਕਰ ਲੈਣਗੇ। ਨਜ਼ਦੀਕੀ ਸੂਤਰ ਦੱਸਦੇ ਹਨ ਕਿ ਬਰਾੜ ਦੀ ਆਪ 'ਚ ਐਂਟਰੀ ਦਾ ਰਾਹ ਪੱਛਮੀ ਬੰਗਾਲ ਤੋਂ ਹੋ ਕੇ ਨਿਕਲਿਆ ਹੈ। ਆਪਣੇ ਪੱਧਰ 'ਤੇ ਪੰਜਾਬ 'ਚ ਸਿਆਸੀ ਨੀਂਹ ਰੱਖਣ 'ਚ ਨਾਕਾਮ ਹੋਣ ਦੇ ਬਾਅਦ ਬਰਾੜ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਜ਼ਰੀਏ ਆਪ 'ਚ ਜਾਣ ਦੀ ਰਾਹ ਬਣਾਇਆ ਹੈ। ਬਰਾੜ ਅਤੇ ਮਮਤਾ ਬੈਨਰਜੀ ਦੇ ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ ਸਨ ਅਤੇ ਮਮਤਾ ਬੈਨਰਜੀ ਨੇ ਕੇਜਰੀਵਾਲ ਨੂੰ ਆਪ ਦੇ ਚੋਣ ਪ੍ਰਚਾਰ 'ਚ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਸੂਤਰ ਦੱਸਦੇ ਹਨ ਕਿ ਬਰਾੜ ਪਿਛਲੇ ਪੰਜ ਦਿਨਾਂ ਤੋਂ ਆਪ ਦੇ ਪ੍ਰਮੁੱਖ ਨੇਤਾਵਾਂ ਦੇ ਸੰਪਰਕ 'ਚ ਹਨ ਅਤੇ ਕੇਜਰੀਵਾਲ ਦੇ ਵਾਪਸ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ। ਕੇਜਰੀਵਾਲ ਦੇ ਮੰਗਲਵਾਰ ਨੂੰ ਛੇਤੀ ਸਵੇਰੇ ਭਾਰਤ ਆਉਣ ਦੀ ਸੰਭਾਵਨਾ ਹੈ। ਕੇਜਰੀਵਾਲ ਨੂੰ ਮਿਲਣ ਦੇ ਤੁਰੰਤ ਬਾਅਦ ਹੀ ਬਰਾੜ ਦੇ ਆਪ 'ਚ ਜਾਣ ਦਾ ਰਸਮੀ ਐਲਾਨ ਹੋ ਜਾਵੇਗਾ।