ਮੁੰਬਈ (ਪੀਟੀਆਈ) : ਉਰਜਿਤ ਪਟੇਲ ਨੇ ਰਿਜ਼ਰਵ ਬੈਂਕ (ਆਰਬੀਆਈ) ਦੇ 24ਵੇਂ ਗਵਰਨਰ ਦਾ ਚਾਰਜ ਸੰਭਾਲ ਲਿਆ ਹੈ। ਰਘੂਰਾਮ ਰਾਜਨ ਦਾ ਕਾਰਜਕਾਲ ਐਤਵਾਰ ਨੂੰ ਖ਼ਤਮ ਹੋ ਗਿਆ। ਇਸੇ ਦਿਨ ਤੋਂ ਉਰਜਿਤ ਦਾ ਕਾਰਜਕਾਲ ਅਮਲ 'ਚ ਆ ਗਿਆ ਹੈ। ਪਟੇਲ ਆਰਬੀਆਈ 'ਚ ਜਨਵਰੀ, 2013 ਤੋਂ ਡਿਪਟੀ ਗਵਰਨਰ ਦੇ ਤੌਰ 'ਤੇ ਕੰਮ ਕਰ ਰਹੇ ਸਨ। ਕੇਂਦਰ ਸਰਕਾਰ ਨੇ ਉਨ੍ਹਾਂ ਇਕ ਸਾਲ 2016 ਨੂੰ ਦੁਬਾਰਾ ਡਿਪਟੀ ਗਵਰਨਰ ਬਣਾਇਆ ਸੀ। ਜਨਵਰੀ 'ਚ ਉਨ੍ਹਾਂ ਦਾ ਤਿੰਨ ਸਾਲ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ।
ਉਰਜਿਤ ਦੇ ਮੋਿਢਆਂ 'ਤੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੀ ਵਿਰਾਸਤ ਨੂੰ ਵਧਾਉਣ ਦਾ ਭਾਰ ਹੋਵੇਗਾ। ਉਨ੍ਹਾਂ ਦੇ ਸਾਹਮਣੇ ਗ੍ਰੋਥ ਨੂੰ ਨੁਕਸਾਨ ਪਹੁੰਚਾਏ ਬਿਨਾਂ ਮਹਿੰਗਾਈ ਦਰ ਨੂੰ ਕਾਬੂ 'ਚ ਲਿਆਉਣ ਦੀ ਜ਼ਿੰਮੇਵਾਰੀ ਹੋਵੇਗੀ। ਪਟੇਲ ਨੇ ਮਹਿੰਗਾਈ ਨੂੰ ਕਾਬੂ 'ਚ ਰੱਖਣ ਦਾ ਨਵਾਂ ਢਾਂਚਾ ਤਿਆਰ ਕੀਤਾ ਹੈ। ਇਸੇ ਕਾਰਨ ਗ਼ੈਰ ਰਸਮੀ ਰੂਪ ਨਾਲ ਮਹਿੰਗਾਈ ਰੋਕਣ ਵਾਲੇ ਮਹਾਰਥੀ ਵੀ ਕਹੇ ਜਾਂਦੇ ਹਨ। ਸੈਂਟਰ ਫਾਰ ਪਾਲਿਸੀ ਰਿਸਚਰ ਦੇ ਸੀਨੀਅਰ ਫੈਲੋ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਪਟੇਲ ਨੂੰ ਸਭ ਤੋਂ ਪਹਿਲਾਂ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਨਾਲ ਮਿਲ ਕੇ ਕੰਮ ਕਰਨ ਦੀ ਆਦਤ ਪਾਉਣੀ ਹੋਵੇਗੀ।
ਉਰਜਿਤ ਨੂੰ ਬੈਂਕਿੰਗ ਖੇਤਰ ਦੀ ਸਿਹਤ ਸੁਧਾਰਨ ਦੇ ਅਧੂਰੇ ਕੰਮ ਨੂੰ ਵੀ ਪੂਰਾ ਕਰਨਾ ਹੋਵੇਗਾ। ਬੈਂਕਾਂ ਦੇ ਫਸੇ ਕਰਜ਼ੇ ਤੋਂ ਉਬਾਰ ਕੇ ਉਨ੍ਹਾਂ ਦੀ ਬੈਲੇਂਸ ਸ਼ੀਟ ਨੂੰ ਠੀਕ ਕਰਨ ਦੀ ਰਾਜਨ ਦੀ ਮੁਹਿੰਮ ਉਨ੍ਹਾਂ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ। ਕਈ ਬੈਂਕ, ਕੰਪਨੀਆਂ ਅਤੇ ਹੋਰ ਇਸ ਮਾਮਲੇ ਵਿਚ ਰਿਜ਼ਰਵ ਬੈਂਕ ਵੱਲੋਂ ਵਿਖਾਈ ਜਾ ਰਹੀ ਜਲਦਬਾਜ਼ੀ ਦਾ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਨਿਵੇਸ਼ 'ਤੇ ਖਾਸਾ ਅਸਰ ਪੈ ਰਿਹਾ ਹੈ।