ਜੇਐੱਨਐੱਨ, ਰਾਂਚੀ : ਜਿਣਸੀ ਸ਼ੋਸ਼ਣ ਮਾਮਲੇ ਦੇ ਦੋਸ਼ੀ ਰਾਜਸਥਾਨ ਸਥਿਤ ਨਿਮਸ ਯੂਨੀਵਰਸਿਟੀ ਦੇ ਚੇਅਰਮੈਨ ਪ੍ਰੋ. ਬਲਬੀਰ ਸਿੰਘ ਤੋਮਰ ਨੂੰ ਰਾਂਚੀ ਪੁਲਿਸ ਨੇ ਮੰਗਲਵਾਰ ਨੂੰ ਜੈਪੁਰ ਤੋਂ ਗਿ੍ਰਫ਼ਤਾਰ ਕਰ ਲਿਆ। ਤੋਮਰ ਖ਼ਿਲਾਫ਼ ਰਾਂਚੀ ਦੇ ਚੁਟੀਆ ਥਾਣੇ 'ਚ ਬੀਤੇ ਵਰ੍ਹੇ ਮਾਮਲਾ ਦਰਜ ਹੋਇਆ ਸੀ। ਰਾਂਚੀ ਪੁਲਿਸ ਟੀਮ ਨੇ ਜੈਪੁਰ ਦੇ ਮੋਤੀ ਡੁੰਗਰੀ ਥਾਣਾ ਖੇਤਰ ਸਥਿਤ ਰਿਹਾਇਸ਼ ਤੋਂ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ। ਉਮੀਦ ਹੈ ਕਿ ਰਾਂਚੀ ਪੁਲਿਸ ਬੁੱਧਵਾਰ ਨੂੰ ਜੈਪੁਰ ਤੋਂ ਰਾਂਚੀ ਲਈ ਰਵਾਨਾ ਹੋਵੇਗੀ।
ਚੁਟੀਆ ਥਾਣੇ 'ਚ 6 ਫਰਵਰੀ, 2015 ਨੂੰ ਰਾਂਚੀ ਨਿਵਾਸੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੇ ਐੱਫਆਈਆਰ ਦਰਜ ਕਰਵਾਈ ਸੀ। ਉੱਚ ਅਫਸਰਾਂ ਨੇ ਦੋਸ਼ ਨੂੰ ਸਹੀ ਪਾਇਆ ਤਾਂ ਤੋਮਰ ਦੀ ਗਿ੍ਰਫ਼ਤਾਰੀ ਦਾ ਹੁਕਮ ਦਿੱਤਾ ਸੀ। ਕੋਰਟ ਤੋਂ ਗਿ੍ਰਫ਼ਤਾਰੀ ਵਾਰੰਟ ਵੀ ਨਿਕਲਿਆ ਸੀ ਪਰ ਰਾਂਚੀ ਪੁਲਿਸ ਦੀ ਟੀਮ ਜਦ ਵੀ ਜੈਪੁਰ ਜਾਂਦੀ ਤੋਮਰ ਭੱਜ ਨਿਕਲਦਾ ਸੀ। ਗਿ੍ਰਫ਼ਤਾਰੀ ਦੇ ਡਰੋਂ ਤੋਮਰ ਅਕਸਰ ਵਿਦੇਸ਼ ਭੱਜ ਜਾਂਦੇ ਸਨ। ਇਥੋਂ ਤਕ ਕਿ ਤੋਮਰ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਨੇ ਵੀ ਖਾਰਜ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਬਚਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਸੀ। ਰਾਂਚੀ ਦੇ ਐੱਸਐੱਸਪੀ ਕੁਲਦੀਪ ਦਿਵੇਦੀ ਨੇ ਤੋਮਰ ਦੀ ਗਿ੍ਰਫ਼ਤਾਰੀ ਦੀ ਪੁਸ਼ਟੀ ਕੀਤੀ ਹੈ।