ਕੇਕੇ ਗਗਨ, ਜਲੰਧਰ : ਰੇਹੜੀ ਫੜ੍ਹੀ ਖੋਖਾ ਯੂਨੀਅਨ ਦੇ ਸਕੱਤਰ ਵੀਵੀ ਐਨਥੋਨੀ ਨੇ ਮੇਅਰ ਸੁਨੀਲ ਜਿਓਤੀ ਤੇ ਨਿਗਮ ਕਮਿਸ਼ਨਰ ਜੀਐਸ ਖਹਿਰਾ ਨੂੰ ਯੂਨੀਅਨ ਦੇ ਵਫ਼ਦ ਨਾਲ ਮਿਲਕੇ ਤੇ ਮੰਗ ਪੱਤਰ ਦੇ ਕੇ ਦੱਸਿਆ ਕਿ ਨਿਗਮ ਦੀ ਤਹਿਬਜਾਰੀ ਵਿਭਾਗ ਵਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਰੇਹੜੀ ਫੜੀ ਤੇ ਖੋਖੇ ਵਾਲਿਆਂ ਨੂੰ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਨਾ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਐਨਥੋਨੀ ਨੇ ਦੱਸਿਆ ਕਿ ਸ਼ਹਿਰ 'ਚ ਨਿਗਮ ਦੀਆਂ ਹਦਾਇਤਾਂ 'ਤੇ ਚਲ ਰਹੇ ਸਰਵੇ ਦੌਰਾਨ ਵੀ ਇਹ ਤੰਗ ਕਰਨ ਦੀ ਕਾਰਵਾਈ ਜਾਰੀ ਰਹੀ ਹੈ ਤੇ ਸ਼ਹਿਰ 'ਚ ਤਕਰੀਬਨ 25 ਹਜ਼ਾਰ ਰੋਜ਼ੀ ਰੋਟੀ ਕਮਾਉਣ ਵਾਲਿਆਂ ਨੂੰ ਕੰਮ ਤੋਂ ਬੇਦਖਲ ਕੀਤਾ ਜਾ ਰਿਹਾ ਹੈ। ਮੰਗ ਪੱਤਰ 'ਚ ਕਿਹਾ ਕਿ 9 ਸਤੰਬਰ 2013 ਦੇ ਸੁਪਰੀਮ ਕੋਰਟ ਦੇ ਹੁਕਮ ਅਤੇ ਕੌਮੀ ਨੀਤੀ 2009 ਆਵਾਸ ਤੇ ਸ਼ਹਿਰੀ ਗਰੀਬੀ ਖਾਤਮਾ ਮੰਤਰਾਲੇ ਭਾਰਤ ਸਰਕਾਰ ਦੇ ਪੈਰਾ ਨੰ 4.5.4 ਮੁਤਾਬਕ ਫੇਰੀ ਤੇ ਰੇਹੜੀ ਵਾਲਿਆਂ ਲਈ ਇਸ ਯੋਜਨਾ ਤਹਿਤ ਡਿਜੀਟਲ ਫੋਟੋ ਸਹਿਤ ਵੱਡੀ ਪੱਧਰ 'ਤੇ ਜਲੰਧਰ 'ਚ ਨਿਗਮ ਨੇ ਸਰਵੇ ਵੀ ਕਰਵਾਇਆ ਹੈ। ਕੌਮੀ ਨੀਤੀ 2009 ਤਹਿਤ ਜਦੋਂ ਤਕ ਕੋਈ ਪ੍ਰਿਯਆ ਅੰਤਿਮ ਰੂਪ 'ਚ ਨਹੀਂ ਪੁਜੱਦੀ ਉਸ ਸਮੇਂ ਤਕ ਇਨ੍ਹਾਂ ਰੇਹੜੀ ਤੇ ਫੜੀ ਵਾਲਿਆਂ ਨੂੰ ਤੰਗ ਨਾ ਕੀਤਾ ਜਾਵੇ ਤੇ ਮਾਨਯੋਗ ਸੁਪਰੀਮ ਕੋਰਟ ਦੀ ਜਾਰੀ ਹਦਾਇਤਾਂ ਦੀ ਪਾਲਨਾ ਕਰਕੇ ਇਨ੍ਹਾਂ ਨੂੰ ਰੋਜ਼ੀ ਰੋਟੀ ਕਮਾਉਣ ਦਿੱਤੀ ਜਾਵੇ।
↧