ਦੀਪ ਸਿੰਘ ਬੋਰਾ, ਰਾਣੀਖੇਤ (ਅਲਮੋੜਾ) : ਪੰਜਾਬੀ ਜਿੱਥੇ ਜਾਂਦੇ ਨੇ, ਉੱਥੇ ਆਪਣੀ ਪਛਾਣ ਛੱਡ ਜਾਂਦੇ ਨੇ...', ਚੰਡੀਗੜ੍ਹ (ਪੰਜਾਬ) ਦੀ ਜਸਮੀਤ ਖਹਿਰਾ, ਉਸ ਦੀ ਛੋਟੀ ਭੈਣ ਬਲਰੀਤ ਖਹਿਰਾ ਹੋਵੇ ਜਾਂ ਹੁਸ਼ਿਆਰਪੁਰ ਟਾਂਡਾ ਦਾ ਗੁਰਪ੍ਰੀਤ ਸਿੰਘ ਗਿੱਲ ਵਗੈਰਾ...। ਅਸਲ 'ਚ ਇਹ ਤਿੰਨੋਂ ਮਿਸਾਲ ਹਨ। ਗੱਲ ਜਦੋਂ ਬਲਰੀਤ ਕੌਰ ਦੀ ਹੋਵੇ ਤਾਂ ਇਸ ਪੰਜਾਬੀ ਕੁੜੀ ਦੀ ਦਲੇਰੀ ਦੀ ਦਾਦ ਅਮਰੀਕੀ ਫ਼ੌਜ ਵੀ ਦਿੰਦੀ ਹੈ। ਭਾਰਤ ਦੀ ਇਹ ਧੀ ਦੁਨੀਆ ਦੀ ਸਭ ਤੋਂ ਤਾਕਤਵਰ ਯੂਐੱਸ ਆਰਮੀ ਵਿਚ ਸਟਾਫ ਸਾਰਜੈਂਟ ਅਤੇ ਤੇਜ਼ ਤਰਾਰ ਕਮਾਂਡੋ ਵਿਚ ਸ਼ੁਮਾਰ ਹੈ। ਕਰੀਬ ਇਕ ਦਹਾਕੇ ਪਹਿਲਾਂ ਆਪ੍ਰੇਸ਼ਨ ਇਰਾਕ ਵਿਚ ਹਿੱਸਾ ਲੈਣ ਵਾਲੀ ਭਾਰਤੀ ਮੂਲ ਦੀ ਇਕੱਲੀ ਅਮਰੀਕੀ ਮਹਿਲਾ ਸੈਨਿਕ ਰਹੀ। ਬੇਸ਼ੱਕ ਉਸ ਦਾ ਫ਼ਰਜ਼ ਯੂਐੱਸ ਆਰਮੀ ਨਾਲ ਜੁੜਿਆ ਹੈ ਪਰ ਦਿਲ ਵਿਚ ਭਾਰਤ ਹੀ ਵੱਸਦਾ ਹੈ। ਆਪਣੀ ਮਿੱਟੀ ਨਾਲ ਲਗਾਓ ਦੀ ਲਲਕ ਹੀ ਕਹਾਂਗੇ ਕਿ ਉਸ ਨੂੰ ਇੰਡੋ-ਅਮਰੀਕਨ ਸਾਂਝੇ ਫ਼ੌਜੀ ਜੰਗੀ ਅਭਿਆਸ ਦੇ ਬਹਾਨੇ ਹੀ ਸਹੀ ਉਸ ਨੂੰ ਆਪਣੇ ਵਤਨ ਆਉਣ ਦਾ ਇਹ ਤੀਜਾ ਮੌਕਾ ਮਿਲਿਆ ਹੈ।
ਸੰਨ 1980 ਵਿਚ ਅੱਤਵਾਦ ਦੇ ਦੌਰ ਵਿਚ ਚੰਡੀਗੜ੍ਹ ਨਿਵਾਸੀ ਖਹਿਰਾ ਪਰਿਵਾਰ ਨੂੰ ਪੰਜਾਬ ਹੀ ਨਹੀਂ ਬਲਕਿ ਵਤਨ ਹੀ ਛੱਡਣਾ ਪਿਆ। ਸੋਂਧੀ ਮਿੱਟੀ ਦੀ ਮਹਿਕ ਤੋਂ ਦੂਰ ਰਿਸ਼ਤੇਦਾਰਾਂ ਦੇ ਕਹਿਣ 'ਤੇ ਹਾਂਗਕਾਂਗ ਵਿਚ ਜਾ ਵਸੇ। ਹਾਲਾਤ ਸ਼ਾਂਤ ਹੋਏ ਤਾਂ ਦੇਸ਼ ਵਾਪਸ ਪਰਤੇ। 29 ਨਵੰਬਰ 1988 ਨੂੰ ਕਾਰੋਬਾਰੀ ਪਿਤਾ ਸੁਰਜੀਤ ਸਿੰਘ ਖਹਿਰਾ ਤੇ ਗ੍ਰਹਿਣੀ ਮਾਤਾ ਸੁਖਪਾਲ ਖਹਿਰਾ ਦੇ ਘਰ ਜੰਮੀ ਬਲਰੀਤ ਨੇ ਸੱਤਵੀਂ ਤਕ ਦੀ ਪੜ੍ਹਾਈ ਚੰਡੀਗੜ੍ਹ ਵਿਚ ਹੀ ਕੀਤੀ। ਮੈਡੀਕਲ ਦੀ ਸ਼ੌਕੀਨ ਬਲਰੀਤ ਨੂੰ ਪੜ੍ਹਾਈ ਲਈ ਮਾਤਾ-ਪਿਤਾ ਨੇ 2001 ਵਿਚ ਰਿਸ਼ਤੇਦਾਰਾਂ ਕੋਲ ਅਮਰੀਕਾ ਭੇਜ ਦਿੱਤਾ। ਉਚ ਸਿੱਖਿਆ ਵਿਚਾਲੇ ਹੀ ਦੇਸ਼ ਦੀ ਇਹ ਬੇਟੀ 2006 ਵਿਚ ਯੂਐੱਸ ਆਰਮੀ ਵਿਚ ਭਰਤੀ ਹੋਈ ਤਾਂ ਪੰਜਾਬ ਦੀ ਦਲੇਰੀ ਨੇ ਉਸ ਨੂੰ ਅਮਰੀਕੀ ਫ਼ੌਜ ਵਿਚ ਇਕ ਵੱਖਰੀ ਪਛਾਣ ਦਿਵਾ ਦਿੱਤੀ।
ਪੰਜਾਬੀ ਗੱਭਰੂ ਦਾ ਵੀ ਜਲਵਾ
ਜਸਰੀਤ ਤੇ ਬਲਰੀਤ ਖਹਿਰਾ ਦੇ ਨਾਲ ਹੀ ਹੁਸ਼ਿਆਰਪੁਰ ਟਾਂਡਾ ਦੇ ਗੱਭਰੂ ਗੁਰਪ੍ਰੀਤ ਸਿੰਘ ਗਿੱਲ ਵੀ ਯੂਐੱਸ ਆਰਮੀ ਦੇ ਫੁਰਤੀਲੇ ਜਾਂਬਾਜ਼ਾਂ ਵਿਚੋਂ ਹਨ। ਉਸ ਨੂੰ ਕਾਰਗਿਲ ਜੰਗ ਨੇ ਫ਼ੌਜ ਵਿਚ ਜਾਣ ਦੀ ਪ੍ਰੇਰਨਾ ਦਿੱਤੀ। ਪਰ ਸੰਜੋਗ ਵੇਖੋ ਭਾਰਤ ਦੀ ਬਜਾਏ ਅਮਰੀਕੀ ਫ਼ੌਜ ਦਾ ਸਿਪਾਹੀ ਬਣ ਗਿਆ। ਆਨਲਾਈਨ ਸਰਚ ਜ਼ਰੀਏ ਅਮਰੀਕਾ ਵਿਚ ਭਰਤੀ ਦੀ ਜਾਣਕਾਰੀ ਮਿਲੀ। ਇਸ ਪੰਜਾਬੀ ਗੱਭਰੂ ਨੇ ਜਾਰਜੀਆ ਵਿਚ ਫ਼ੌਜ ਦੀ ਭਰਤੀ ਵਿਚ ਹਿੱਸਾ ਲਿਆ। ਸਤੰਬਰ 2014 ਵਿਚ ਬਤੌਰ ਯੂਐੱਸ ਸੋਲਜਰ ਅਮਰੀਕੀ ਫ਼ੌਜ ਜੁਆਇਨ ਕਰ ਲਈ। ਵੱਡਾ ਭਰਾ ਬਲਪ੍ਰੀਤ ਸਿੰਘ ਦਾ ਕੈਨੇਡਾ ਵਿਚ ਰੀਅਲ ਅਸਟੇਟ ਦਾ ਕਾਰੋਬਾਰ ਹੈ।