ਜੇਐੱਨਐੱਸ, ਨਵੀਂ ਦਿੱਲੀ : ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਪ ਰਾਜਪਾਲ ਦੇ ਹੁਕਮ 'ਤੇ ਨਹੀਂ, ਆਪਣੇ ਨਿਰਧਾਰਤ ਪ੍ਰੋਗਰਾਮ ਮੁਤਾਬਕ ਐਤਵਾਰ ਨੂੰ ਫਿਨਲੈਂਡ ਤੋਂ ਪਰਤਣਗੇ। ਰਾਜਧਾਨੀ 'ਚ ਡੇਂਗੂ ਅਤੇ ਚਿਕਨਗੁਨੀਆ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਉਪ ਰਾਜਪਾਲ ਨਜੀਬ ਜੰਗ ਨੇ ਸ਼ੁੱਕਰਵਾਰ ਨੂੰ ਸਿਸੋਦੀਆ ਨੂੰ ਦੌਰਾ ਵਿਚਾਲੇ ਹੀ ਛੱਡ ਕੇ ਦਿੱਲੀ ਆਉਣ ਦਾ ਹੁਕਮ ਦਿੱਤਾ ਸੀ। ਇਸ ਹੁਕਮ ਨੂੰ ਲੈ ਕੇ ਦਿੱਲੀ ਸਰਕਾਰ 'ਚ ਕਾਫੀ ਨਾਰਾਜ਼ਗੀ ਹੈ। ਇਸ ਤੋਂ ਬਾਅਦ ਦਿੱਲੀ 'ਚ ਮੌਜੂਦ ਮੰਤਰੀ ਹਰਕਤ 'ਚ ਆ ਗਏ। ਸੈਰ-ਸਪਾਟਾ ਮੰਤਰੀ ਨੇ ਪਹਿਲਾਂ ਰਾਜ ਭਵਨ ਨੂੰ ਪੱਤਰ ਲਿਖ ਕੇ ਨਾਰਾਜ਼ਗੀ ਪ੍ਰਗਟਾਈ, ਫਿਰ ਸਿਹਤ ਮੰਤਰੀ ਮੀਡੀਆ ਨੂੰ ਲੈ ਕੇ ਰਾਜ ਭਵਨ ਪੁੱਜੇ। ਐੱਲਜੀ ਨੇ ਦੋਵੇਂ ਮੰਤਰੀਆਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਮਨਸ਼ਾ 'ਤੇ ਹੀ ਸਵਾਲ ਉੱਠਾ ਦਿੱਤੇ।
ਸਿਸੋਦੀਆ ਨੇ ਕਿਹਾ-ਸਾਜ਼ਿਸ਼
12 ਸਤੰਬਰ ਤੋਂ ਫਿਨਲੈਂਡ ਦੌਰੇ 'ਤੇ ਗਏ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਕੁਝ ਤਸਵੀਰਾਂ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਦੇਰ ਸ਼ਾਮ ਉਪ ਰਾਜਪਾਲ ਨਜੀਬ ਜੰਗ ਨੇ ਡੇਂਗੂ ਤੇ ਚਿਕਨਗੁਨੀਆ ਦੀ ਗੰਭੀਰਤਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਵਾਪਸ ਆਉਣ ਦਾ ਫਰਮਾਨ ਜਾਰੀ ਕਰ ਦਿੱਤਾ ਸੀ। ਸਿਸੋਦੀਆ ਨੇ ਟਵੀਟ ਕਰਕੇ ਸਫਾਈ ਦਿੱਤੀ ਕਿ ਉਹ ਦਿੱਲੀ ਦੀ ਸਿੱਖਿਆ ਵਿਵਸਥਾ ਸੁਧਾਰਨ 'ਚ ਲੱਗੇ ਹਨ ਅਤੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਕੀਤੀ ਜਾ ਰਹੀ ਹੈ।
ਸਾਡੇ ਤੋਂ ਸਲਾਹ ਲੈ ਲੈਂਦੇ ਐੱਲਜੀ
ਸ਼ਨਿਚਰਵਾਰ ਨੂੰ ਸੈਰ-ਸਪਾਟਾ ਮੰਤਰੀ ਕਪਿਲ ਮਿਸ਼ਰਾ ਨੇ ਉਪ ਰਾਜਪਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲੰਬਾ ਪੱਤਰ ਲਿਖਿਆ, 'ਸਰ ਕੱਲ੍ਹ ਰਾਤ ਨੂੰ ਖ਼ਬਰ ਆਈ ਕਿ ਤੁਸੀਂ ਮਾਣਯੋਗ ਮਨੀਸ਼ ਸਿਸੋਦੀਆ ਜੀ ਨੂੰ ਆਪਣਾ ਕੰਮ ਛੱਡ ਕੇ ਦਿੱਲੀ ਆਉਣ ਦਾ ਫ਼ੈਸਲਾ ਭਿਜਵਾਇਆ ਹੈ। ਮਨ 'ਚ ਚਿੰਤਾਵਾਂ ਸਨ ਤਾਂ ਚੰਗਾ ਹੁੰਦਾ ਕਿ ਮੈਨੂੰ ਜਾਂ ਸਤੇਂਦਰ ਜੈਨ ਜੀ ਨੂੰ ਬੁਲਾ ਕੇ ਗੱਲ ਕਰ ਲੈਂਦੇ। ਸਾਨੂੰ ਬੁਲਾ ਕੇ ਗੱਲ ਕਰਨ ਦੀ ਥਾਂ ਫਿਨਲੈਂਡ 'ਚ ਮਨੀਸ਼ ਜੀ ਨੂੰ ਫੈਕਸ ਭੇਜਣ ਦਾ ਰਹੱਸ ਕੀ ਹੈ ਸਰ? ਸਤੇਂਦਰ ਜੈਨ ਜੀ ਅਤੇ ਮੈਂ ਲਗਾਤਾਰ ਯਤਨ ਕਰ ਰਹੇ ਹਾਂ, ਹਸਪਤਾਲਾਂ ਦੇ ਦੌਰੇ, ਜਨਸੰਪਰਕ, ਫਾਗਿੰਗ ਅਤੇ ਜਨ ਜਾਗਿ੍ਰਤੀ ਦਾ ਕੰਮ ਖੁਦ ਸਾਰਿਆਂ ਦਾ ਮਿਲ ਕੇ ਕਰ ਰਹੇ ਹਾਂ। ਬੜਾ ਚੰਗਾ ਲੱਗੇਗਾ ਜੇ ਤੁਸੀਂ ਵੀ ਨਾਲ ਚੱਲੋ।'
ਜੰਗ ਦੇ ਅਮਰੀਕਾ ਦੌਰੇ 'ਤੇ ਸਵਾਲ
ਕਪਿਲ ਮਿਸ਼ਰਾ ਨੇ ਵਿਅੰਗ ਕੱਸਦੇ ਹੋਏ ਲਿਖਿਆ ਹੈ-'ਕਲ ਮਨੀਸ਼ ਜੀ ਨੂੰ ਫੈਕਸ ਭੇਜਣ ਤੋਂ ਦੋ ਦਿਨ ਪਹਿਲਾਂ ਤਕ ਤੁਸੀਂ ਅਮਰੀਕਾ 'ਚ ਛੁੱਟੀਆਂ ਮਨਾ ਰਹੇ ਸੀ। ਕਾਫੀ ਲੰਬੀਆਂ ਛੁੱਟੀਆਂ 'ਤੇ ਚਲੇ ਗਏ ਸੀ ਇਸ ਵਾਰ ਤੁਸੀਂ। ਅਮਰੀਕਾ 'ਚ ਕਿਥੇ ਗਏ ਸੀ, ਛੁੱਟੀਆਂ ਕਿਸ ਤਰ੍ਹਾਂ ਦੀਆਂ ਰਹੀਆਂ, ਉਥੋਂ ਦੀਆਂ ਫੋਟੋਆਂ ਕਿਸੇ ਟੀਵੀ ਚੈੱਨਲ 'ਤੇ ਦੇਖਣ ਨੂੰ ਨਹੀਂ ਮਿਲ ਸਕੀਆਂ। ਤੁਸੀਂ ਆਪਣੀ ਛੁੱਟੀ ਦਾ ਇਕ ਘੰਟਾ ਵੀ ਘੱਟ ਨਹੀਂ ਕਰਕੇ ਵਾਪਸ ਆਏ।'
ਮਿਲਣ ਨੂੰ ਸਮਾਂ ਕਿਉਂ ਨਹੀਂ ਲਿਆ
ਪੱਤਰ ਲਿਖਣ ਦੇ ਕੁਝ ਘੰਟੇ ਹੀ ਅਚਾਨਕ ਮੰਤਰੀ ਕਪਿਲ ਮਿਸ਼ਰਾ ਸਤੇਂਦਰ ਜੈਨ ਨੂੰ ਵੀ ਨਾਲ ਲੈ ਕੇ ਉਪ ਰਾਜਪਾਲ ਨੂੰ ਮਿਲਣ ਪਹੁੰਚ ਗਏ। ਇਸ ਦੀ ਜਾਣਕਾਰੀ ਪਹਿਲਾਂ ਤੋਂ ਹੀ ਮੀਡੀਆ ਨੂੰ ਦੇ ਦਿੱਤੀ ਗਈ, ਜਿਸ ਕਾਰਨ ਉਪ ਰਾਜਪਾਲ ਦਫ਼ਤਰ ਦੇ ਬਾਹਰ ਮੀਡੀਆ ਦੀ ਵੀ ਭੀੜ ਲੱਗ ਗਈ। ਪੌਣੇ ਬਾਰ੍ਹਾਂ ਵਜੇ ਕਪਿਲ ਮਿਸ਼ਰਾ ਤੇ ਸਤੇਂਦਰ ਜੈਨ ਨੇ ਉਪ ਰਾਜਪਾਲ ਨੂੰ ਮਿਲਣ ਦਾ ਸੰਦੇਸ਼ ਦਫ਼ਤਰ 'ਚ ਭੇਜਿਆ ਤਾਂ ਕੁਝ ਦੇਰ ਬਾਅਦ ਉਧਰੋਂ ਜਵਾਬ ਆਇਆ ਕਿ ਉਨ੍ਹਾਂ ਨੇ ਮਿਲਣ ਲਈ ਪਹਿਲਾਂ ਕਿਉਂ ਨਹੀਂ ਆਗਿਆ ਲਈ। ਦੋਵੇਂ ਮੰਤਰੀਆਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਪ ਰਾਜਪਾਲ ਦਫ਼ਤਰ ਨੇ ਮੰਤਰੀਆਂ 'ਤੇ ਸਿਆਸੀ ਲਾਹਾ ਲਈ ਰਾਜਭਵਨ ਪੁੱਜਣ ਦਾ ਦੋਸ਼ ਲਗਾਇਆ ਹੈ। ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਮੰਤਰੀਆਂ ਦੇ ਤਰੀਕੇ ਤੋਂ ਨਹੀਂ ਲੱਗਦਾ ਕਿ ਉਹ ਡੇਂਗੂ ਤੇ ਚਿਕਨਗੁਨੀਆ ਦੇ ਪ੍ਰਕੋਪ ਨੂੰ ਘੱਟ ਕਰਨ ਪ੍ਰਤੀ ਗੰਭੀਰ ਹਨ।