ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ
ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਤੋਂ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਵੱਲੋਂ ਸਥਾਨਕ ਕਸਬੇ ਅੰਦਰ ਖੋਲੇ੍ਹ ਚੋਣ ਦਫ਼ਤਰ 'ਚ ਪੱਤਰਕਾਰਾਂ ਦੀ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਸਿਸਟਮ ਦੇ ਖ਼ਿਲਾਫ਼ ਹੈ ਨਾ ਕਿ ਕਿਸੇ ਪਾਰਟੀ ਵਿਰੁੱਧ ਹੈ। ਉਨ੍ਹਾਂ ਕਿਹਾ ਉਹ ਦਿੱਲੀ ਦੰਗਿਆਂ ਦੇ ਕੇਸਾਂ ਤੋਂ ਇਲਾਵਾ ਹੋਰ ਕੋਈ ਕੇਸ ਨਹੀਂ ਲੜਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਦੰਗਿਆਂ ਦੇ ਕਥਿਤ ਦੋਸ਼ੀ ਟਾਈਟਲਰ ਵੱਲੋਂ ਉਨ੍ਹਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਉਹ ਕੇਸ ਸੁਣਵਾਈ ਅਧੀਨ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪੱਦ ਲਈ ਕੋਈ ਪੰਜਾਬੀ ਚਿਹਰਾ ਹੀ ਹੋਵੇਗਾ। ਜਿਸਦਾ ਨਵੰਬਰ-ਦਸੰਬਰ 'ਚ ਐਲਾਨ ਕਰ ਦਿੱਤਾ ਜਾਵੇਗਾ।
ਜਦੋਂ ਉਨ੍ਹਾਂ ਪੁਿਛੱਆ ਕਿ ਪੰਜਾਬ ਦੇ ਤਤਕਾਲੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ 'ਚੋਂ ਕੱਢ ਦੇਣ ਕੀ ਪਾਰਟੀ ਨੂੰ ਢਾਹ ਨਹੀਂ ਲੱਗੀ ਤਾਂ ਉਨ੍ਹਾਂ ਕਿਹਾ ਕਿ ਢਾਹ ਤਾਂ ਜ਼ਰੂਰ ਲੱਗੀ ਸੀ ਪਰ ਹੁਣ ਪਾਰਟੀ ਸੰਭਲ ਗਈ ਹੈ ਕਿਉਂਕਿ ਉਨ੍ਹਾਂ ਨਾਲ ਗਏ ਵਲੰਟੀਅਰ ਮੁੜ ਵਾਪਸ ਪਰਤਣ ਲੱਗ ਪਏ ਹਨ। ਜਦੋਂ ਫੂਲਕਾ ਨੂੰ ਨਵੇਂ ਬਣੇ ਚੌਥੇ ਫਰੰਟ ਬਾਰ੍ਹੇ ਪੁੱਿਛਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਤਕ ਪਹੁੰਚ ਕੀਤੀ ਹੈ ਤੇ ਕਿਹਾ ਹੈ ਕਿ ਰਲਕੇ ਸਿਸਟਮ ਦੇ ਖ਼ਿਲਾਫ਼ ਲੜੀਏ। ਆਪ ਦੇ ਹੋਰ ਉਮੀਦਵਾਰ ਐਲਾਨਣ ਬਾਰੇ ਉਨ੍ਹਾਂ ਕਿਹਾ ਕਿ 32 ਉਮੀਦਵਾਰਾਂ ਦੀ ਲਿਸਟ ਪਹਿਲਾਂ ਹੀ ਆ ਗਈ ਹੈ ਤੇ ਬਾਕੀ ਰਹਿੰਦੇ ਉਮੀਦਵਾਰਾਂ ਦੀ ਜਲਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਐੱਨਆਰਆਈ ਵੋਟਾਂ ਬਾਰੇ ਉਨ੍ਹਾਂ ਕਿਹਾ ਕਿ ਜਿਸ ਕੋਲ ਇੰਡੀਅਨ ਪਾਸਪੋਰਟ ਹੈ ਉਹ ਚੋਣ ਕਮਿਸ਼ਨ ਵੱਲੋਂ ਜਾਰੀ 6 ਨੰਬਰ ਫਾਰਮ ਭਰਕੇ ਵੋਟ ਬਣਾ ਸਕਦਾ ਹੈ ਤੇ ਜੇਕਰ ਫਿਰ ਵੀ ਕਿਸੇ ਨੂੰ ਕੋਈ ਦਿਕਤ ਆਉਦੀ ਹੈ ਤਾਂ ਉਹ ਆਪ ਦੇ ਵਲੰਟੀਅਰ ਰਾਜ ਬੁੱਟਰ ਨੂੰ ਮਿਲਕੇ ਆਪਣਾ ਕੰਮ ਕਰਵਾ ਸਕਦਾ ਹੈ। ਇਸ ਮੌਕੇ ਦਫ਼ਤਰ ਇੰਚਾਰਜ ਪ੍ਰੋ. ਦਵਿੰਦਰ ਸਿੰਘ ਸਿੱਧੂ, ਸਰਪੰਚ ਅਮਰਜੋਤ ਸਿੰਘ ਬੱਦੋਵਾਲ, ਪੰਚ ਬਲੌਰ ਸਿੰਘ, ਮਨੀਸ਼ਾ ਸਿੰਘ, ਸੈਂਭੀ ਬੋਪਾਰਾਏ, ਰਾਜਵਿੰਦਰ ਸਿੰਘ ਗਰੇਵਾਲ, ਵਲੰਟੀਅਰ ਮੰਨੂੰ ਸ਼ਰਮਾ ਆਦਿ ਹਾਜ਼ਰ ਸਨ।