ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਤੇ ਪਾਕਿਸਤਾਨ ਵਿਚਕਾਰ ਮੌਜੂਦਾ ਤਣਾਅ ਦੀ ਸਥਿਤੀ ਕਾਰਨ ਨਵੰਬਰ ਮਹੀਨੇ ਇਸਲਾਮਾਬਾਦ ਵਿਖੇ ਹੋਣ ਵਾਲੇ 'ਸਾਰਕ' ਸੰਮੇਲਨ 'ਚ ਸ਼ਾਮਲ ਨਹੀਂ ਹੋਣਗੇ। ਅੱਜ ਰਾਤ ਜਾਰੀ ਇਕ ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਕ ਦੇਸ਼ ਨੇ ਇਹੋ ਜਿਹਾ ਵਾਤਾਵਰਨ ਬਣਾ ਦਿੱਤਾ ਹੈ ਕਿ ਜਿਥੇ ਅਜਿਹਾ ਸੰਮੇਲਨ ਸਫਲ ਨਹੀਂ ਹੋ ਸਕਦਾ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਨੇ 'ਸਾਰਕ' ਦੇ ਮੌਜੂਦਾ ਚੇਅਰਮੈਨ ਨੇਪਾਲ ਨੂੰ ਸੂਚਿਤ ਕਰ ਦਿੱਤਾ ਹੈ ਕਿ ਪਾਕਿਸਤਾਨ ਵੱਲੋਂ ਬਣਾਏ ਗਏ ਮੌਜੂਦਾ ਹਾਲਾਤ 'ਚ ੁਉਥੇ ਨਵੰਬਰ ਮਹੀਨੇ ਹੋਣ ਵਾਲਾ ਸੰਮੇਲਨ ਸਫਲ ਨਹੀਂ ਹੋ ਸਕਦਾ ਤੇ ਭਾਰਤ ਇਸ ਸੰਮੇਲਨ 'ਚ ਹਿੱਸਾ ਨਹੀਂ ਲੈ ਸਕਦਾ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ ਤੇ ਕਈ ਹੋਰ ਦੇਸ਼ਾਂ ਨੇ ਸਾਰਕ ਸੰਮੇਲਨ 'ਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਸਾਰਕ ਦੇਸ਼ਾਂ ਵਿਚਕਾਰ ਤਾਲਮੇਲ ਤੇ ਹਰ ਤਰ੍ਹਾਂ ਦੇ ਸਹਿਯੋਗ ਦੀ ਜ਼ਾਮਨੀ ਭਰਦਾ ਹੈ ਪ੍ਰੰਤੂ ਅੱਤਵਾਦ ਵਰਗੇ ਮਾਹੌਲ 'ਚ ਅਜਿਹਾ ਸਹਿਯੋਗ ਸੰਭਵ ਨਹੀਂ ਹੈ।