ਨਵੀਂ ਦਿੱਲੀ (ਪੀਟੀਆਈ) : 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਕਥਿਤ ਸ਼ਮੂਲੀਅਤ ਬਾਰੇ ਸੁਣਵਾਈ ਕਰ ਰਹੇ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੫ੇਟ ਸ਼ਿਵਾਲੀ ਸ਼ਰਮਾ ਨੇ ਅੱਜ ਕੇਂਦਰੀ ਜਾਂਚ ਬਿਊਰੋ ਦੀ ਇਸ ਕਰਕੇ ਖਿਚਾਈ ਕੀਤੀ ਕਿ ਉਸ ਨੇ ਮਾਮਲੇ ਦੇ ਮੁੱਖ ਗਵਾਹ ਦੇ ਬੇਟੇ ਦੀ ਗਵਾਹੀ ਲਈ ਕੈਨੇਡਾ ਸਰਕਾਰ ਨਾਲ ਚਿੱਠੀ-ਪੱਤਰੀ 'ਚ ਦੇਰੀ ਕੀਤੀ। ਸੀਬੀਆਈ ਇਸ ਤੋਂ ਪਹਿਲਾਂ ਇਸ ਮਾਮਲੇ 'ਚ ਟਾਈਟਲਰ ਨੂੰ ਕਲੀਨ ਚਿੱਟ ਦੇ ਚੁੱਕੀ ਹੈ।
ਅਦਾਲਤ ਨੇ ਇਸ ਗੱਲ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਕਿ ਸੀਬੀਆਈ ਨੇ ਮੁੱਖ ਗਵਾਹ ਦੇ ਪੁੱਤਰ ਨਰਿੰਦਰ ਸਿੰਘ ਬਾਰੇ ਜਾਣਕਾਰੀ ਹਾਸਲ ਕਰਨ ਲਈ ਅਦਾਲਤ ਵੱਲੋਂ 11 ਜੁਲਾਈ ਨੂੰੇ ਆਦੇਸ਼ ਦੇਣ ਦੇ ਬਾਵਜੂਦ ਸੀਬੀਆਈ ਨੇ 8 ਸਤੰਬਰ ਨੂੰ ਹੀ ਪੱਤਰ ਲਿਖਿਆ। ਅਦਾਲਤ ਨੇ ਸੀਬੀਆਈ ਦੇ ਸੁਪਰਡੈਂਟ ਪੁਲਿਸ ਜੋ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਨੂੰ ਆਦੇਸ਼ ਦਿੱਤਾ ਕਿ ਉਹ 25 ਅਕਤੂਬਰ ਨੂੰ ਪੇਸ਼ ਹੋ ਕੇ ਹੁਣ ਤਕ ਕੀਤੀ ਗਈ ਜਾਂਚ ਦੀ ਜਾਣਕਾਰੀ ਅਦਾਲਤ 'ਚ ਪੇਸ਼ ਕਰਨ। ਅਦਾਲਤ ਨੇ ਸੀਨੀਅਰ ਅਧਿਕਾਰੀ ਨੂੰ ਕਿਹਾ ਕਿ ਮਾਮਲੇ ਦੀ ਜਾਂਚ 11 ਜੁਲਾਈ ਵਾਲੇ ਸਥਾਨ 'ਤੇ ਹੀ ਖੜੀ ਹੈ ਤੇ ਉਨ੍ਹਾਂ ਅਦਾਲਤ ਦੇ ਆਦੇਸ਼ ਦੇ ਬਾਵਜੂਦ 8 ਸਤੰਬਰ ਨੂੰ ਹੀ ਕੈਨੇਡਾ ਦੀ ਸਰਕਾਰ ਨੂੰ ਇਸ ਸਬੰਧੀ ਪੱਤਰ ਲਿਖਿਆ। ਅਦਾਲਤ ਨੇ ਕਿਹਾ ਕਿ 25 ਅਕਤੂਬਰ ਨੂੰ ਸੁਣਵਾਈ ਸਮੇਂ ਸੀਬੀਆਈ ਆਪਣੀ ਮਹੀਨੇ ਦੀ ਪੂਰੀ ਜਾਂਚ ਰਿਪੋਰਟ ਅਦਾਲਤ 'ਚ ਪੇਸ਼ ਕਰੇ। ਸੁਣਵਾਈ ਦੌਰਾਨ ਵਕੀਲ ਐੱਨਕੇ ਸ੍ਰੀਵਾਸਤਵ ਨੇ ਕਿਹਾ ਕਿ ਉਨ੍ਹਾਂ ਇੰਟਰਪੋਲ ਨਾਲ ਸੰਪਰਕ ਕਰਕੇ ਨਰਿੰਦਰ ਸਿੰਘ ਬਾਰੇ ਜਾਣਕਾਰੀ ਮੰਗੀ ਸੀ ਪਰ ਉਸ ਨੇ ਕੈਨੇਡਾ ਸਰਕਾਰ ਨਾਲ ਸੰਪਰਕ ਕਰਨ ਲਈ ਕਿਹਾ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਇਸ ਕੇਸ 'ਚ ਦੇਸ਼ ਅੰਦਰਲੀ ਸਾਰੀ ਜਾਂਚ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਵਿਦੇਸ਼ੀ ਗਵਾਹਾਂ ਦੀ ਜਾਂਚ ਬਾਕੀ ਰਹਿੰਦੀ ਹੈ ਤੇ ਇਸ ਲਈ ਅਸੀਂ ਵਿਦੇਸ਼ੀ ਏਜੰਸੀਆਂ ਦੀ ਵੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ।