ਜਾਗਰਣ ਬਿਊਰੋ, ਨਵੀਂ ਦਿੱਲੀ : ਕਾਮੇਡੀਅਨ ਕਪਿਲ ਸ਼ਰਮਾ ਦੇ ਟੀਵੀ ਸ਼ੋਅ ਖ਼ਿਲਾਫ਼ ਹੁਣ ਤੰਬਾਕੂ ਉਤਪਾਦਾਂ ਨਾਲ ਜੁੜੇ ਕਾਨੂੰਨ ਦੀ ਉਲੰਘਣਾ 'ਚ ਸ਼ਿਕਾਇਤ ਦਰਜ ਹੋਈ ਹੈ। ਇਹ ਸ਼ਿਕਾਇਤ ਬੀਤੇ ਐਤਵਾਰ ਨੂੰ ਵਿਖਾਏ ਗਏ 'ਦ ਕਪਿਲ ਸ਼ਰਮਾ ਸ਼ੋਅ' ਦੌਰਾਨ ਉਨ੍ਹਾਂ ਦੇ ਸਾਥੀ ਕਲਾਕਾਰ ਕੀਕੂ ਸ਼ਾਰਦਾ ਨੂੰ ਤੰਬਾਕੂ ਉਤਪਾਦ ਹੱਥ ਵਿਚ ਲਏ ਵਿਖਾਏ ਜਾਣ 'ਤੇ ਕੀਤੀ ਗਈ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਟੀਵੀ 'ਤੇ ਤੰਬਾਕੂ ਨਾਲ ਜੁੜੀ ਚਿਤਾਵਨੀ ਤਾਂ ਵਿਖਾਉਣੀ ਹੀ ਚਾਹੀਦੀ ਸੀ, ਕਾਨੂੰਨ ਮੁਤਾਬਕ ਸ਼ੋਅ ਤੋਂ ਪਹਿਲਾਂ ਅਤੇ ਵਿਚਾਲੇ ਜਾਗਰੂਕਤਾ ਦਾ ਵੀਡੀਓ ਵੀ ਵਿਖਾਉਣਾ ਜ਼ਰੂਰੀ ਸੀ। ਕੇਂਦਰੀ ਸਿਹਤ ਮੰਤਰਾਲੇ ਵੀ ਇਸ ਸਬੰਧੀ ਕਾਰਵਾਈ ਲਈ ਛੇਤੀ ਹੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਸਿਫਾਰਸ਼ ਕਰ ਸਕਦਾ ਹੈ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਕੀਤੀ ਗਈ ਇਸ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਹ ਸਿਗਰਟ ਤੇ ਹੋਰ ਤੰਬਾਕੂ ਉਤਪਾਦ ਵਿਗਿਆਨ 'ਤੇ ਪਾਬੰਦੀ ਦੇ ਕਾਨੂੰਨ (ਕੋਟਪਾ) ਦੀ ਧਾਰਾ ਪੰਜ ਦੀ ਉਲੰਘਣਾ ਹੈ। ਗ਼ੈਰ ਸਰਕਾਰੀ ਸੰਗਠਨ 'ਹਿਰਦੇ' ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਬੀਤੇ ਐਤਵਾਰ ਯਾਨੀ 25 ਸਤੰਬਰ ਨੂੰ ਰਾਤ 9 ਵਜੇ ਵਿਖਾਏ ਗਏ ਇਸ ਪ੍ਰੋਗਰਾਮ ਵਿਚ ਕੀਕੂ ਸ਼ਾਰਦਾ ਨੂੰ ਹੱਥ ਵਿਚ ਸਮੋਕਿੰਗ ਪਾਈਪ ਲਏ ਵਿਖਾਇਆ ਗਿਆ। ਕਾਨੂੰਨ ਜ਼ਰੂਰੀ ਹੋਣ ਦੇ ਬਾਵਜੂਦ ਇਸ ਦੌਰਾਨ ਤੰਬਾਕੂ ਸਬੰਧੀ ਚਿਤਾਵਨੀ ਨਹੀਂ ਵਿਖਾਈ ਗਈ। ਸਿਹਤ ਮੰਤਰਾਲੇ ਦੇ ਅਧਿਕਾਰੀ ਮੰਨਦੇ ਹਨ ਕਿ ਉਨ੍ਹਾਂ ਨੂੰ ਇਹ ਸ਼ਿਕਾਇਤ ਮਿਲੀ ਹੈ। ਉਹ ਕਹਿੰਦੇ ਹਨ ਕਿ ਇਸ ਸਬੰਧੀ ਕਾਰਵਾਈ ਦਾ ਅਧਿਕਾਰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਹੀ ਹੈ, ਇਸ ਲਈ ਛੇਤੀ ਹੀ ਇਹ ਮੰਤਰਾਲੇ ਇਸ ਸਬੰਧੀ ਕਾਰਵਾਈ ਦੀ ਸਿਫਾਰਸ਼ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਕਰ ਸਕਦਾ ਹੈ।
ਕੀਕੂ ਸ਼ਾਰਦਾ ਨੇ ਇਸ ਸ਼ੋਅ ਦੌਰਾਨ ਸਮੋਕਿੰਗ ਪਾਈਪ ਮੂੰਹ ਵਿਚ ਲਗਾ ਕੇ ਪੀਣ ਦੀ ਐਕਟਿੰਗ ਤਾਂ ਕਰ ਰਹੇ ਸਨ, ਪਰ ਅਸਲ ਵਿਚ ਉਸ ਨੂੰ ਪੀ ਨਹੀਂ ਰਹੇ ਸਨ। ਇਸ ਬਾਰੇ ਪੁੱਛਣ 'ਤੇ ਸ਼ਿਕਾਇਤਕਰਤਾ ਅਤੇ 'ਹਿਰਦੇ' ਦੀ ਕਾਨੂੰਨੀ ਅਧਿਕਾਰੀ ਕਰੂਵਾਕੀ ਮੋਹੰਤੀ ਕਹਿੰਦੀ ਹੈ ਕਿ ਕੋਟਪਾ ਦੀਆਂ ਤਜਵੀਜ਼ਾਂ ਵਿਚ ਕਿਸੇ ਵੀ ਰੂਪ ਵਿਚ ਉਸ ਦਾ ਫਿਲਮਾਂਕਣ ਸ਼ਾਮਲ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀ ਵੀ ਇਸ ਨਾਲ ਸਹਿਮਤ ਹੈ। ਹਾਲਾਂਕਿ ਉਹ ਕਹਿੰਦੇ ਹਨ, 'ਜੇਕਰ ਸ਼ੋਅ ਦੇ ਨਿਰਮਾਤਾ ਆਪਣੀ ਗ਼ਲਤੀ ਮੰਨ ਲੈਣ ਅਤੇ ਭਵਿੱਖ ਵਿਚ ਨਾ ਦੁਹਰਾਉਣ ਦਾ ਵਾਅਦਾ ਕਰਨ ਤਾਂ ਨਰਮੀ ਵਿਖਾਈ ਜਾ ਸਕਦੀ ਹੈ। ਪਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਮੁੜ ਉਹ ਜਾਂ ਕੋਈ ਹੋਰ ਨਿਰਮਾਤਾ ਇਸ ਤਰ੍ਹਾਂ ਦੀ ਉਲੰਘਣਾ ਨਾ ਕਰੇ।
ਕੀ ਕਹਿੰਦਾ ਹੈ ਕਾਨੂੰਨ
-ਤੰਬਾਕੂ ਉਤਪਾਦ ਵਿਖਾਉਣ ਦੀ ਜ਼ਰੂਰਤ ਦੇ ਬਾਰੇ ਵਿਚ ਮਜ਼ਬੂਤ ਤਰਕ ਹੋਣਾ ਚਾਹੀਦਾ ਹੈ।
-ਪ੍ਰੋਗਰਾਮ ਦੀ ਸ਼ੁਰੂਆਤ ਅਤੇ ਵਿਚਾਲੇ 30 ਸੈਕਿੰਡ ਦਾ ਜਾਗਰੂਕਤਾ ਵੀਡੀਓ ਵਿਖਾਓ।
-ਸਕਰੀਨ 'ਤੇ ਦਿ੫ਸ਼ ਦੌਰਾਨ ਸਪਸ਼ਟ ਰੂਪ ਨਾਲ ਦਿਸ ਰਹੀ ਸਥਿਰ ਚਿਤਾਵਨੀ ਵਿਖਾਓ।
-ਨਿਰਮਾਤਾ ਵੱਲੋਂ 20 ਸੈਕਿੰਡ ਦਾ ਤੰਬਾਕੂ ਰੋਕੂ ਆਡੀਓ-ਵਿਜੂਅਲ ਸੰਦੇਸ਼ ਵਿਖਾਇਆ ਜਾਵੇ।