ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਨਾਲ ਗੱਲਾਂ ਕਰਦੇ ਹੋਏ ਕਿਹਾ ਕਿ ਮਾਂ ਤੋਂ ਬਾਅਦ ਜ਼ਿੰਦਗੀ 'ਚ ਜੇਕਰ ਕਿਸੇ ਦੀ ਅਹਿਮੀਅਤ ਹੈ ਤਾਂ ਉਹ ਗੁਰੂ ਹੀ ਹੈ। ਅਧਿਆਪਕਾਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਾਂ ਜਨਮ ਦਿੰਦੀ ਹੈ ਅਤੇ ਗੁਰੂ ਜੀਵਨ। ਦੁਨੀਆਂ 'ਚ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੋਵੇਗਾ, ਜਿਹੜਾ ਆਪਣੀ ਜ਼ਿੰਦਗੀ 'ਚ ਮਾਂ ਅਤੇ ਅਧਿਆਪਕ ਦੀ ਭੂਮਿਕਾ ਨਹੀਂ ਮੰਨਦਾ ਹੋਵੇਗਾ। ਇਸਦੇ ਨਾਲ ਹੀ ਮੋਦੀ ਨੇ ਵਿਦਿਆਰਥੀਆਂ ਦੇ ਸਾਹਮਣੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਪਰਤਾਂ ਖੋਲ੍ਹ ਕੇ ਰੱਖ ਦਿੱਤੀਆਂ। ਉਨ੍ਹਾਂ ਕਿਹਾ ਕਿ ਸਕੂਲੀ ਦਿਨਾਂ 'ਚ ਉਹ ਬਹੁਤ ਪ੍ਰਭਾਵਸ਼ਾਲੀ ਵਿਦਿਆਰਥੀ ਨਹੀਂ ਸਨ, ਪਰ ਬਹੁਤ ਜਿਗਆਸੂ ਸਨ। ਹਰ ਚੀਜ਼ ਨੂੰ ਬਹੁਤ ਧਿਆਨ ਨਾਲ ਦੇਖਦੇ ਅਤੇ ਸਮਝਦੇ ਸਨ। ਕਲਾਸ ਦੇ ਨਾਲ ਹੀ ਬਾਹਰ ਦੀਆਂ ਸਰਗਰਮੀਆਂ 'ਚ ਵੀ ਸਰਗਰਮ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਅੱਜ ਉਹ ਇਸ ਥਾਂ 'ਤੇ ਹਨ ਤਾਂ ਇਨ੍ਹਾਂ ਗੁਣਾਂ ਦੇ ਕਾਰਨ ਹੀ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਅਧਿਆਪਕ ਦਿਵਸ ਦੀ ਬਜਾਏ ਇਕ ਦਿਨ ਪਹਿਲਾਂ ਇਹ ਪ੍ਰੋਗਰਾਮ ਇਸ ਲਈ ਕਰ ਰਹੇ ਹਨ, ਕਿਉਂਕਿ ਪੰਜ ਸਤੰਬਰ ਨੂੰ ਇਸ ਵਾਰੀ ਜਨਮ ਅਸ਼ਟਮੀ ਹੈ। ਸਾਬਕਾ ਰਾਸ਼ਟਰਪਤੀ ਸਰਵਪੱਲੀ ਰਾਧਾਿਯਸ਼ਣਨ ਅਤੇ ਡਾ. ਏਪੀਜੇ ਅਬਦੁੱਲ ਕਲਾਮ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਲੋਕ ਸਰਵਉੱਚ ਸਥਾਨ 'ਤੇ ਪਹੁੰਚ ਕੇ ਵੀ ਬੱਚਿਆਂ ਨੂੰ ਪੜ੍ਹਾਉਂਦੇ ਰਹੇ। ਮੋਦੀ ਨੇ ਕਿਹਾ ਕਿ ਅਧਿਆਪਕ ਦਿਵਸ 'ਤੇ ਉਹ ਬੱਚਿਆਂ ਨਾਲ ਗੱਲਬਾਤ ਇਸ ਲਈ ਕਰਦੇ ਹਨ, ਕਿਉਂਕਿ ਅਧਿਆਪਕ ਦੀ ਪਛਾਣ ਉਨ੍ਹਾਂ ਦੇ ਵਿਦਿਆਰਥੀ ਹੁੰਦੇ ਹਨ। ਮੋਦੀ ਨੇ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਕੁਝ ਸਲਾਹਾਂ ਦਿੱਤੀਆਂ, ਤਾਂ ਕੁਝ ਤਜਰਬੇ ਵੀ ਵੰਡੇ।
ਮਾਤਾ-ਪਿਤਾ ਨੂੰ ਸਲਾਹ
ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ ਲੋਕ ਡਿਗਰੀ ਅਤੇ ਨੌਕਰੀ ਦੇ ਦਾਇਰੇ ਤੋਂ ਬਾਹਰ ਨਿਕਲਣ। ਇਨ੍ਹਾਂ ਨੂੰ ਸਮਾਜਿਕ ਸਨਮਾਨ ਨਾਲ ਨਹੀਂ ਜੋੜਨ। ਜਿਹੜੇ ਬੱਚੇ ਇਸ ਖੇਤਰ 'ਚ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਾਣ ਦੀ ਛੋਟ ਦੇਣ। ਅਕਸਰ ਮਾਂ-ਬਾਪ ਆਪਣੀ ਜ਼ਿੰਦਗੀ 'ਚ ਖੁਦ ਜੋ ਕੁਝ ਨਹੀਂ ਕਰ ਪਾਉਂਦੇ, ਉਹ ਬੱਚਿਆਂ ਤੋਂ ਕਰਵਾਉਣਾ ਚਾਹੁੰਦੇ ਹਨ।
ਸਿਆਸਤ ਨੂੰ ਕੈਰੀਅਰ ਬਣਾਓ
ਉਨ੍ਹਾਂ ਨੇ ਬੱਚਿਆਂ ਨੂੰ ਸਿਆਸਤ 'ਚ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿਆਸਤ 'ਚ ਜਿੰਨੀ ਬਦਨਾਮੀ ਹੋਈ ਹੈ, ਉਸ ਤੋਂ ਲੋਕਾਂ ਨੂੰ ਲੱਗਦਾ ਹੈ ਕਿ ਇਸ ਵਿਚ ਨਹੀਂ ਜਾਣਾ ਚਾਹੀਦਾ। ਪਰ ਜਿਨ੍ਹਾਂ ਲੋਕਾਂ 'ਚ ਸੇਵਾ ਭਾਵ ਹੋਵੇ ਅਤੇ ਜਿਨ੍ਹਾਂ ਨੂੰ ਦੂਜਿਆਂ ਦੀ ਸੇਵਾ ਤੋਂ ਖੁਸ਼ੀ ਮਿਲਦੀ ਹੋਵੇ, ਉਨ੍ਹਾਂ ਨੂੰ ਸਿਆਸਤ ਤੋਂ ਉੱਪਰ ਆਉਣ ਤੋਂ ਕੋਈ ਨਹੀਂ ਰੋਕ ਸਕਦਾ।
ਕਿਵੇਂ ਬਣੋ ਚੰਗੇ ਬੁਲਾਰੇ
ਉਨ੍ਹਾਂ ਕਿਹਾ ਕਿ ਚੰਗੇ ਬੁਲਾਰੇ ਬਣਨ ਲਈ ਚੰਗਾ ਸਰੋਤਾ ਹੋਣਾ ਜ਼ਰੂਰੀ ਹੈ। ਤੁਹਾਨੂੰ ਆਪਣੇ ਅੱਖਾਂ-ਕੰਨ ਖੁੱਲੇ ਰੱਖਣੇ ਪੈਣਗੇ। ਆਤਮਵਿਸ਼ਵਾਸ ਜਗਾਉਣਾ ਪਵੇਗਾ। ਇਸੇ ਤਰ੍ਹਾਂ ਉਨ੍ਹਾਂ ਨੇ ਯੂ-ਟਿਊਬ 'ਤੇ ਵਿਸ਼ਵ ਪ੍ਰਸਿੱਧ ਲੋਕਾਂ ਦੇ ਭਾਸ਼ਣ ਦੇਖਣ ਦੀ ਸਲਾਹ ਵੀ ਦਿੱਤੀ।
ਯੋਗ 'ਚ ਦਿਲਚਸਪੀ
ਪ੍ਰਧਾਨ ਮੰਤਰੀ ਨੇ ਇਸ ਬਾਰੇ 'ਚ ਆਪਣੇ ਮੁੱਖ ਮੰਤਰੀ ਬਣਨ ਤੋਂ ਵੀ ਬਹੁਤ ਪਹਿਲਾਂ ਦੇ ਇਕ ਆਸਟਰੇਲੀਆ ਦੌਰੇ ਦਾ ਕਿੱਸਾ ਸੁਣਾਇਆ। ਉਨ੍ਹਾਂ ਕਿਹਾ ਕਿ ਉਸ ਦੌਰਾਨ ਬਹੁਤ ਸਾਰੇ ਲੋਕ ਉਨ੍ਹਾਂ ਤੋਂ ਯੋਗ ਦੇ ਬਾਰੇ 'ਚ ਹੀ ਪੁੱਛਦੇ ਸਨ। ਉਦੋਂ ਉਨ੍ਹਾਂ ਨੂੰ ਲੱਗਾ ਕਿ ਇਸ ਬਾਰੇ 'ਚ ਕੰਮ ਕਰਨ ਦੀ ਲੋੜ ਹੈ।
ਵਿਵੇਕਾਨੰਦ ਦਾ ਪ੍ਰਭਾਵ
ਇਕ ਸਵਾਲ ਦੇ ਜਵਾਬ 'ਚ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ 'ਤੇ ਸਭ ਤੋਂ ਜ਼ਿਆਦਾ ਅਸਰ ਸਵਾਮੀ ਵਿਵੇਕਾਨੰਦ ਦਾ ਰਿਹਾ ਹੈ। ਉਨ੍ਹਾਂ ਦੇ ਪਿੰਡ 'ਚ ਇਕ ਚੰਗੀ ਲਾਇਬ੍ਰੇਰੀ ਸੀ। ਉੱਥੇ ਉਹ ਅਕਸਰ ਜਾਂਦੇ ਸਨ ਅਤੇ ਉੱਥੋਂ ਉਨ੍ਹਾਂ ਨੇ ਵਿਵੇਕਾਨੰਦ ਦੀ ਜੀਵਨੀ ਅਤੇ ਹੋਰ ਕਿਤਾਬਾਂ ਪੜ੍ਹੀਆਂ।