-ਸਰਹੱਦੀ ਲੋਕਾਂ ਨੂੰ ਕੈਂਪਾਂ 'ਚ ਦਿੱਤੀਆਂ ਜਾਣਗੀਆਂ ਉੱਚ ਸਿਹਤ ਸਹੂਲਤਾਂ : ਮਹਾਜਨ
ਜੇਐੱਨਐੱਨ, ਜਲੰਧਰ : ਸਰਜੀਕਲ ਸਟ੫ਾਈਕ ਤੋਂ ਬਾਅਦ ਸਰਹੱਦੀ ਇਲਾਕਿਆਂ 'ਚ ਤਣਾਅ ਦੀ ਸਥਿਤੀ ਬਰਕਰਾਰ ਹੈ। ਪਿੰਡਾਂ ਤੋਂ ਵੱਡੀ ਗਿਣਤੀ 'ਚ ਲੋਕ ਕੂਚ ਕਰਕੇ ਸੁਰੱਖਿਅਤ ਸਥਾਨਾਂ 'ਚ ਲਗਾਏ ਗਏ ਕੈਂਪਾਂ 'ਚ ਪਹੁੰਚ ਚੁੱਕੇ ਹਨ। ਸਿਹਤ ਵਿਭਾਗ ਨੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਤੇ ਕੈਂਪਾਂ 'ਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਉੱਚ ਅਧਿਕਾਰੀਆਂ ਦੀ ਬੈਠਕ 'ਚ ਹਾਈ ਅਲਰਟ ਕਰ ਦਿੱਤਾ ਹੈ।
ਸਿਹਤ ਵਿਭਾਗ ਦੀ ਮੁੱਖ ਸਕੱਤਰ ਵਿਨੀ ਮਹਾਜਨ ਦਾ ਕਹਿਣਾ ਹੈ ਕਿ ਪੰਜਾਬ ਦੇ ਕੌਮਾਂਤਰੀ ਸਰਹੱਦੀ ਇਲਾਕੇ ਨਾਲ ਲੱਗਦੇ ਅੰਮਿ੍ਰਤਸਰ, ਫਾਜ਼ਿਲਕਾ, ਫਿਰੋਜ਼ਪੁਰ, ਪਠਾਨਕੋਟ, ਗੁਰਦਾਸਪੁਰ ਤੇ ਤਰਨਤਾਰਨ ਜ਼ਿਲਿ੍ਹਆਂ ਦੇ ਸਿਵਲ ਸਰਜਨਾਂ ਨੂੰ ਸਾਰੀਆਂ ਐਂਬੂਲੈਂਸਾਂ ਨੂੰ ਚੰਗੀ ਤਰ੍ਹਾਂ ਤਿਆਰ ਰੱਖਣ ਤੇ ਲੋੜ ਪੈਣ 'ਤੇ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਹਨ। ਮੋਬਾਈਲ ਮੈਡੀਕਲ ਯੂਨਿਟ ਦੇ ਵੀ ਸਾਰੇ ਰੂਟ ਪਲੈਨ ਰੱਦ ਕਰਕੇ ਕੈਂਪਾਂ 'ਚ ਤਾਇਨਾਤ ਕਰ ਦਿੱਤੇ ਗਏ ਹਨ। ਕੈਂਪਾਂ 'ਚ ਰੂਰਲ ਮੈਡੀਕਲ ਅਫਸਰ, ਸਟਾਫ ਨਰਸ ਤੇ ਹੈਲਪਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਹਨ। ਸਰਹੱਦੀ ਇਲਾਕਿਆਂ 'ਚ ਸਕੂਲਾਂ 'ਚ ਛੁੱਟੀਆਂ ਹੋਣ ਕਾਰਨ ਬਾਲ ਸਿਹਤ ਪ੍ਰੋਗਰਾਮ ਤਹਿਤ ਕਿਰਾਏ 'ਤੇ ਲਈਆਂ ਗਈਆਂ ਗੱਡੀਆਂ ਵੀ ਸਿਵਲ ਸਰਜਨਾਂ ਦੇ ਹੁਕਮਾਂ 'ਤੇ ਚਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਟੋਲ ਫ੍ਰੀ ਐਮਰਜੈਂਸੀ ਰਿਸਪਾਂਸ ਸਰਵਿਸ ਐਂਬੂਲੈਂਸ 108 ਤੇ ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 ਨੂੰ ਵੀ ਐਮਰਜੈਂਸੀ ਦੌਰਾਨ ਸੇਵਾਵਾਂ ਲਈ ਹਾਈ ਅਲਰਟ ਕੀਤਾ ਗਿਆ ਹੈ।
ਚਿਕਿਤਸਾ ਹੈਲਥ ਕੇਅਰ ਦੇ ਜ਼ੋਨਲ ਅਧਿਕਾਰੀ ਜਤਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਸਰਹੱਦੀ ਜ਼ਿਲਿ੍ਹਆਂ 'ਚ 70 ਐਂਬੂਲੈਂਸਾਂ ਨੂੰ ਹਾਈ ਅਲਰਟ ਕਰ ਦਿੱਤਾ ਹੈ। ਇਨ੍ਹਾਂ ਦੇ ਡਰਾਈਵਰਾਂ ਤੇ ਟੈਨੀਸ਼ੀਅਨਾਂ ਦੇ ਕੰਪਨੀ ਤੇ ਨਿੱਜੀ ਫੋਨ ਨੰਬਰਾਂ ਦੀ ਸੂਚੀ ਸਬੰਧਤ ਜ਼ਿਲ੍ਹੇ ਦੇ ਡੀਸੀ ਤੇ ਸਿਵਲ ਸਰਜਨ ਦਫ਼ਤਰ ਨੂੰ ਦੇ ਦਿੱਤੀ ਹੈ। ਪਠਾਨਕੋਟ 'ਚ 7, ਗੁਰਦਾਸਪੁਰ 'ਚ 20, ਅੰਮਿ੍ਰਤਸਰ 'ਚ 22, ਤਰਨਤਾਰਨ 'ਚ 10 ਤੇ ਫਿਰੋਜ਼ਪੁਰ ਤੇ ਫਾਜ਼ਿਲਕਾ 'ਚ 11-11 ਐਮਰਜੈਂਸੀ ਐਂਬੂਲੈਂਸ 108 ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।