-ਪੁਰਾਣਾ ਇਕ ਦੋਸਤ ਨਵੇਂ ਦੋ ਦੋਸਤਾਂ ਨਾਲ ਬਿਹਤਰ ਹੁੰਦਾ ਹੈ : ਮੋਦੀ
-ਭਾਰਤ ਤੇ ਰੂਸ ਵਿਚਾਲੇ ਸਹਿਯੋਗ ਦੇ 16 ਸਮਝੌਤਿਆਂ 'ਤੇ ਦਸਤਖ਼ਤ
-ਫ਼ੌਜੀ ਤੇ ਊਰਜਾ ਸਮਝੌਤੇ ਦੇਣਗੇ ਦਹਾਕਿਆਂ ਪੁਰਾਣੇ ਰਿਸ਼ਤਿਆਂ ਨੂੰ ਨਵਾਂ ਦਿਸਹੱਦਾ
-ਭਾਰਤ ਤੇ ਰੂਸ ਮੱਧ ਏਸ਼ੀਆਈ ਦੇਸ਼ਾਂ ਨਾਲ ਐੱਫਟੀਏ ਦੀ ਸੰਭਾਵਨਾ ਭਾਲਣ 'ਚ ਰੁੱਝੇ
-ਭਾਰਤ ਦੀ ਊਰਜਾ ਸੁਰੱਖਿਆ ਲਈ ਅਹਿਮ ਬਣੇਗਾ ਰੂਸ
-ਐੱਨਐੱਸਜੀ ਤੇ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੇ ਜਲਦ ਸ਼ਾਮਲ ਹੋਣ ਦੇ ਹੱਕ 'ਚ ਪੁਤਿਨ
---
ਛੇ ਸਭ ਤੋਂ ਅਹਿਮ ਸਮਝੌਤੇ
1. ਰੂਸ ਦੀ ਐੱਸ-400 ਟ੫ੰਫ ਏਅਰ ਡਿਫੈਂਸ ਮਿਜ਼ਾਈਲ ਖ਼ਰੀਦੇਗਾ ਭਾਰਤ
2. ਭਾਰਤ 'ਚ ਬਣੇਗਾ ਕਾਮੋਵ ਹੈਲੀਕਾਪਟਰਜ਼
3. ਗੈਸ ਪਾਈਪਲਾਈਨ ਵਿਛਾਉਣ ਦੀ ਸੰਭਾਵਨਾ ਲੱਭਣਗੇ ਦੋਵੇਂ ਦੇਸ਼
4. ਕੁੰਦਾਕੁਲਮ ਐਟਮੀ ਊਰਜਾ ਪਲਾਂਟ 'ਚ ਦੋ ਨਵੇਂ ਯੂਨਿਟ ਲਗਾਏ ਜਾਣਗੇ
5. ਵਿਗਿਆਨ ਤੇ ਤਕਨੀਕ ਕਮਿਸ਼ਨ ਦਾ ਗਠਨ
6. ਜਹਾਜ਼ ਨਿਰਮਾਣ ਲਈ ਭਾਰਤ 'ਚ ਸਥਾਪਿਤ ਹੋਵੇਗੀ ਵਿਸ਼ੇਸ਼ ਸੰਸਥਾ
---
ਰੱਖਿਆ ਖੇਤਰ 'ਚ ਸਹਿਯੋਗ ਦੀ ਅਹਿਮੀਅਤ
1. ਭਾਰਤੀ ਅਸਮਾਨ ਨੂੰ ਰੂਸ 'ਚ ਬਣੇ ਐੱਸ-400 ਟ੍ਰੰਫ ਏਅਰ ਡਿਫੈਂਸ ਮਿਜ਼ਾਈਲ ਨਾਲ ਮਿਲੇਗੀ ਸੁਰੱਖਿਆ। 400 ਕਿਮੀ ਦੀ ਰੇਂਜ 'ਚ ਦੁਸ਼ਮਣ ਦੇ ਹਰ ਜਹਾਜ਼ ਤੇ ਮਿਜ਼ਾਈਲ ਨੂੰ ਮਾਰ ਮੁਕਾਉਣ 'ਚ ਸਮਰੱਥ।
2. ਭਾਰਤੀ ਫ਼ੌਜੀ ਏਜੰਸੀਆਂ ਲਈ ਰੂਸ ਦੀ ਕੰਪਨੀ ਬਣਾਏਗੀ ਕਾਮੋਵ ਹੈਲੀਕਾਪਟਰਜ਼। ਮੇਡ ਇਨ ਇੰਡੀਆ ਪ੍ਰੋਗਰਾਮ ਤਹਿਤ ਪਹਿਲੇ ਪੜਾਅ 'ਚ ਬਣਾਏ ਜਾਣਗੇ 200 ਹੈਲੀਕਾਪਟਰਜ਼। ਭਾਰਤ ਤੋਂ ਬਰਾਮਦ ਦਾ ਰਸਤਾ ਵੀ ਪੱਧਰਾ।
3. ਹੋਰ ਫ਼ੌਜੀ ਉਪਕਰਨਾਂ ਦੇ ਭਾਰਤ 'ਚ ਨਿਰਮਾਣ ਦੀ ਸੰਭਾਵਨਾ ਲੱਭਣ 'ਚ ਰੁੱਝੇ ਦੋਵੇਂ ਦੇਸ਼
ਜੈਪ੍ਰਕਾਸ਼ ਰੰਜਨ, ਬੇਨੋਲਿਮ (ਗੋਆ) : ਪੀਐੱਮ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਗੋਆ 'ਚ ਬਿ੍ਰਕਸ ਸੰਮੇਲਨ ਦੌਰਾਨ ਹੋਈ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਬੈਠਕ ਪੂਰੀ ਤਰ੍ਹਾਂ ਨਾਲ ਉਮੀਦਾਂ 'ਤੇ ਖ਼ਰੀ ਉਤਰੀ ਹੈ। ਦੋਵੇਂ ਦੇਸ਼ਾਂ ਨੇ ਬਦਲੇ ਕੌਮਾਂਤਰੀ ਮਾਹੌਲ ਅਤੇ ਇਕ ਦੂਜੇ ਦੀਆਂ ਜ਼ਰੂਰਤਾਂ ਮੁਤਾਬਕ ਦੁਵੱਲੇ ਰਿਸ਼ਤਿਆਂ ਨੂੰ ਨਵਾਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਨੇ ਰੂਸ ਤੋਂ ਅਹਿਮ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਖ਼ਰੀਦਣ ਦੀ ਤਜਵੀਜ਼ 'ਤੇ ਮੋਹਰ ਲਗਾਉਣ ਦੇ ਨਾਲ ਹੀ ਸਾਲਾਂ ਤੋਂ ਲਟਕਦੇ ਕਾਮੋਵ ਹੈਲੀਕਾਪਟਰਜ਼ ਨੂੰ 'ਮੇਡ ਇਨ ਇੰਡੀਆ' ਪ੍ਰੋਗਰਾਮ ਤਹਿਤ ਬਣਾਉਣ ਦੀ ਰੁਕਾਵਟ ਨੂੰ ਵੀ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਪੁਤਿਨ ਭਾਰਤ ਦੀਆਂ ਊਰਜਾ ਜ਼ਰੂਰਤਾਂ ਮੁਤਾਬਕ ਭਾਰਤ ਨੂੰ ਬਿਹਤਰੀਨ ਤਕਨੀਕ ਦੇਣ ਦੇ ਨਾਲ ਹੀ ਆਪਣੇ ਤੇਲ ਤੇ ਗੈਸ ਬਲਾਕਾਂ 'ਚ ਭਾਰਤੀ ਕੰਪਨੀਆਂ ਨੂੰ ਵੱਡੀ ਹਿੱਸੇਦਾਰੀ ਦੇਣ ਲਈ ਰਜ਼ਾਮੰਦ ਹੋ ਗਿਆ ਹੈ।
ਮੋਦੀ ਤੇ ਪੁਤਿਨ ਦੀ ਅਗਵਾਈ 'ਚ ਹੋਈ ਬੈਠਕ ਦੌਰਾਨ ਕੀਤੇ ਗਏ ਸਮਝੌਤਿਆਂ ਦੀ ਤੁਲਨਾ ਸਾਲ 1971 'ਚ ਸ਼ਾਂਤੀ, ਦੋਸਤੀ ਤੇ ਸਹਿਯੋਗ 'ਤੇ ਭਾਰਤ ਤੇ ਯੂਐੱਸਆਰ ਨਾਲ ਕੀਤੀ ਜਾ ਰਹੀ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਮੋਦੀ ਨੇ ਪੁਤਿਨ ਨਾਲ ਆਪਣੇ ਸਾਂਝੇ ਪੱਤਰਕਾਰ ਸੰਮੇਲਨ ਦੀ ਸ਼ੁਰੂਆਤ ਇਕ ਰੂਸੀ ਕਹਾਵਤ ਨਾਲ ਕੀਤੀ, ਜਿਸ ਦਾ ਮਤਲਬ ਹੈ-ਇਕ ਪੁਰਾਣਾ ਦੋਸਤ ਨਵੇਂ ਦੋ ਦੋਸਤਾਂ ਦੇ ਬਰਾਬਰ ਹੈ। ਮੋਦੀ ਨੇ ਰੂਸ ਦੇ ਨਾਲ ਦੋ ਅਹਿਮ ਫ਼ੌਜੀ ਖ਼ਰੀਦ ਤੇ ਨਿਰਮਾਣ ਸਮਝੌਤਿਆਂ ਨੂੰ ਅੱਗੇ ਵਧਾ ਕੇ ਰੂਸ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਅਮਰੀਕਾ ਅਤੇ ਯੂਰਪੀ ਦੇਸ਼ਾਂ ਨਾਲ ਨਵੇਂ ਹਥਿਆਰ ਖ਼ਰੀਦਣ ਦੇ ਬਾਵਜੂਦ ਉਨ੍ਹਾਂ ਲਈ ਇਸ ਪੁਰਾਣੇ ਸਹਿਯੋਗੀ ਦੀ ਅਹਿਮੀਅਤ ਖ਼ਤਮ ਨਹੀਂ ਹੋਈ ਹੈ। ਯਾਦ ਰਹੇ ਕਿ ਭਾਰਤ ਦੀਆਂ ਸਾਰੀਆਂ ਫ਼ੌਜੀਆਂ ਜ਼ਰੂਰਤਾਂ ਦਾ ਹਾਲੇ ਵੀ 70 ਫ਼ੀਸਦੀ ਰੂਸ ਤੋਂ ਪੂਰਾ ਹੁੰਦਾ ਹੈ। ਸ਼ਨਿਚਰਵਾਰ ਨੂੰ ਗੋਆ 'ਚ ਹੋਏ ਐੱਸ-400 ਟ੍ਰੰਫ ਏਅਰ ਡਿਫੈਂਸ ਮਿਜ਼ਾਈਲ ਖ਼ਰੀਦ ਸਮਝੌਤੇ ਨੂੰ ਫ਼ੌਜੀ ਮਾਹਰ ਏਸ਼ੀਆ 'ਚ ਗੇਮ ਚੈਂਜਰ ਦੇ ਤੌਰ 'ਤੇ ਦੇਖ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤ ਪਹਿਲੇ ਪੜਾਅ 'ਚ ਤਕਰੀਬਨ ਇਸ ਸ਼੍ਰੇਣੀ ਦੇ ਪੰਜ ਜਾਂ ਛੇ ਸਿਸਟਮ ਖ਼ਰੀਦੇਗਾ। ਪਰ ਭਾਰਤ ਦੀ ਜ਼ਰੂਰਤ ਦੋ ਦਰਜਨ ਸਿਸਟਮ ਦੀ ਹੈ। ਫਰਾਂਸ ਸਰਕਾਰ ਨਾਲ ਹੋਏ ਰਾਫੇਲ ਸੌਦੇ ਤੋਂ ਬਾਅਦ ਇਹ ਐੱਨਡੀਏ ਸਰਕਾਰ ਦਾ ਦੂਜਾ ਸਭ ਤੋਂ ਵੱਡਾ ਰੱਖਿਆ ਸੌਦਾ ਹੈ।
ਕਾਰੋਬਾਰ 'ਤੇ ਵਧੇਗਾ ਜ਼ੋਰ
ਲੰਬੇ ਸਮੇਂ ਤਕ ਰੂਸ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰ ਭਾਈਵਾਲ ਦੇਸ਼ ਸੀ ਪਰ ਅਮਰੀਕਾ ਤੇ ਭਾਰਤ ਦੇ ਦੁਵੱਲਾ ਕਾਰੋਬਾਰ ਭਾਰਤ-ਰੂਸ ਤੋਂ 12 ਗੁਣਾ ਜ਼ਿਆਦਾ ਤੇ ਭਾਰਤ-ਚੀਨ ਦਾ ਕਾਰੋਬਾਰ 10 ਗੁਣਾ ਜ਼ਿਆਦਾ ਹੈ। ਰਾਸ਼ਟਰਪਤੀ ਪੁਤਿਨ ਨੇ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਦੂਰ ਕਰਦੇ ਹੋਏ ਭਾਰਤ ਤੇ ਰੂਸ ਵਿਚਾਲੇ ਆਪਸੀ ਨਿਵੇਸ਼ ਨੂੰ ਸਾਲ 2025 ਤਕ ਵਧਾ ਕੇ 50 ਅਰਬ ਡਾਲਰ ਕਰਨ ਦਾ ਟੀਚਾ ਰੱਖਿਆ ਹੈ। ਮੋਦੀ ਨੇ ਪੁਤਿਨ ਨੂੰ ਅਪੀਲ ਕੀਤੀ ਹੈ ਕਿ ਕੇਂਦਰੀ ਏਸ਼ੀਆਈ ਦੇਸ਼ਾਂ ਨਾਲ ਮਿਲ ਕੇ ਦੋਵੇਂ ਦੇਸ਼ਾਂ ਨੂੰ ਮੁਕਤ ਵਪਾਰ ਸਮਝੌਤੇ ਦੀ ਸੰਭਾਵਨਾ ਭਾਲਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਨਾ ਚਾਹੀਦਾ। ਇਸ ਤਰ੍ਹਾਂ ਨਾਲ ਊਰਜਾ ਖੇਤਰ 'ਚ ਜੋ ਸਮਝੌਤੇ ਹੋਏ ਹਨ ਉਸ ਦੇ ਬਾਰੇ 'ਚ ਪੈਟ੫ੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਦਾ ਕਹਿਣਾ ਹੈ ਕਿ ਰੂਸ ਭਾਰਤ ਦੀ ਊਰਜਾ ਸੁਰੱਖਿਆ ਲਈ ਇਕ ਅਹਿਮ ਭਾਈਵਾਲ ਹੈ। ਅੱਜ ਤੇਲ ਤੇ ਊਰਜਾ ਖੇਤਰ ਲਈ 18 ਅਰਬ ਡਾਲਰ ਦਾ ਸਮਝੌਤਾ ਹੋਇਆ ਹੈ। ਪਿਛਲੇ ਚਾਰ ਮਹੀਨਿਆਂ 'ਚ ਭਾਰਤੀ ਕੰਪਨੀਆਂ ਨੇ ਰੂਸ ਦੇ ਤੇਲ ਤੇ ਗੈਸ ਬਲਾਕ 'ਚ 5.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਹ ਹੋਰ ਵਧੇਗਾ।