ਨਵੀਂ ਦਿੱਲੀ (ਪੀਟੀਆਈ) : ਦਿੱਲੀ ਨਿਵਾਸੀ ਵਿਵਾਦਮਈ ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਝਾਂਸਾ ਦੇ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨੀ ਲਾਂਡਿ੍ਰੰਗ ਦੇ ਮਾਮਲੇ 'ਚ ਸ਼ਨਿਚਰਵਾਰ ਨੂੰ ਹਵਾਈ ਅੱਡੇ 'ਤੇ ਕੁਰੈਸ਼ੀ ਨੂੰ ਹਿਰਾਸਤ 'ਚ ਲਿਆ ਗਿਆ। ਪਰ ਇਕ ਹੋਰ ਮਾਮਲੇ 'ਚ ਕੋਰਟ ਦਾ ਹੁਕਮ ਦਿਖਾ ਕੇ ਉਹ ਦੁਬਈ ਭੱਜ ਨਿਕਲਿਆ। ਇਮੀਗ੍ਰੇਸ਼ਨ ਵਿਭਾਗ ਨੇ ਇਸ ਮਾਮਲੇ 'ਚ ਜਾਂਚ ਦਾ ਹੁਕਮ ਦੇ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਜਾਰੀ ਲੁਕ ਆਊਟ ਸਰਕੂਲਰ (ਐੱਲਓਸੀ) ਦੇ ਆਧਾਰ 'ਤੇ ਕੁਰੈਸ਼ੀ ਨੂੰ ਹਿਰਾਸਤ 'ਚ ਲਿਆ ਗਿਆ। ਇਮੀਗ੍ਰੇਸ਼ਨ ਵਿਭਾਗ ਨੇ ਇਸ ਦੀ ਸੂਚਨਾ ਈਡੀ ਨੂੰ ਦਿੱਤੀ। ਈਡੀ ਦੀ ਟੀਮ ਦੇ ਆਉਣ ਤੋਂ ਪਹਿਲਾਂ ਕੁਰੈਸ਼ੀ ਨੇ ਇਮੀਗੇ੍ਰਸ਼ਨ ਅਧਿਕਾਰੀਆਂ ਨੂੰ ਕੋਰਟ ਦਾ ਹੁਕਮ ਸੌਂਪਿਆ ਜਿਸ ਮੁਤਾਬਕ ਉਨ੍ਹਾਂ ਦੇ ਵਿਦੇਸ਼ ਜਾਣ 'ਤੇ ਪਾਬੰਦੀ ਨਹੀਂ ਹੈ। ਉਸ ਨੇ ਕਿਹਾ ਕਿ ਬਾਂਡ ਭਰਨ ਤੋਂ ਬਾਅਦ ਉਸ ਨੂੰ ਕੋਰਟ ਤੋਂ ਵਿਦੇਸ਼ ਜਾਣ ਦੀ ਆਗਿਆ ਮਿਲੀ ਹੈ। ਇਮੀਗ੍ਰੇਸ਼ਨ ਅਧਿਕਾਰੀ ਨੇ ਕੋਰਟ ਦਾ ਹੁਕਮ ਤਸਦੀਕ ਹੋਣ ਤੋਂ ਬਾਅਦ ਉਸ ਨੂੰ ਦੁਬਈ ਜਾਣ ਦਿੱਤਾ। ਈਡੀ ਦੀ ਟੀਮ ਤੋਂ ਇਮੀਗ੍ਰੇਸ਼ਨ ਅਧਿਕਾਰੀ ਨੂੰ ਪਤਾ ਚੱਲਿਆ ਕਿ ਕੋਰਟ ਦਾ ਹੁਕਮ ਇਨਕਮ ਟੈਕਸ ਦੇ ਮਾਮਲੇ ਦੇ ਸਿਲਸਿਲੇ 'ਚ ਸੀ ਨਾ ਕਿ ਈਡੀ ਦੇ ਮਾਮਲੇ 'ਚ। ਈਡੀ ਦੇ ਸੂਤਰਾਂ ਨੇ ਕਿਹਾ ਕਿ ਸਾਡੇ ਅਧਿਕਾਰੀ ਕੁਰੈਸ਼ੀ ਨੂੰ ਹਿਰਾਸਤ 'ਚ ਲੈਣ ਲਈ ਘਟਨਾ ਵਾਲੀ ਥਾਂ ਪੁੱਜੇ ਪਰ ਉਸ ਨੇ ਪਹਿਲਾਂ ਹੀ ਉਸ ਨੂੰ ਵਿਦੇਸ਼ ਜਾਣ ਦਿੱਤਾ ਗਿਆ।
ਈਡੀ ਨੇ ਪਿਛਲੇ ਸਾਲ ਕੁਰੈਸ਼ੀ ਖ਼ਿਲਾਫ਼ ਮਨੀ ਲਾਂਡਿ੍ਰੰਗ ਰੋਕਥਾਮ ਕਾਨੂੰਨ (ਪੀਐੱਮਐੱਲਏ) ਤਹਿਤ ਮਾਮਲਾ ਦਰਜ ਕੀਤਾ ਗਿਆ। ਇਨਕਮ ਟੈਕਸ ਵਿਭਾਗ ਦੇ ਦੋਸ਼ ਪੱਤਰ ਦਾ ਨੋਟਿਸ ਲੈ ਕੇ ਈਡੀ ਨੇ ਇਹ ਕਾਰਵਾਈ ਕੀਤੀ। ਕੁਰੈਸ਼ੀ ਟੈਕਸ ਚੋਰੀ ਅਤੇ ਹਵਾਲਾ ਵਰਗੇ ਲੈਣ-ਦੇਣ ਦੇ ਦੋਸ਼ 'ਚ ਜਾਂਚ ਏਜੰਸੀਆਂ ਦੇ ਘੇਰੇ 'ਚ ਹੈ। ਦੋਸ਼ ਹੈ ਕਿ ਉਸ ਨੇ ਹਵਾਲਾ ਰਾਹੀਂ ਦੁਬਈ, ਲੰਡਨ ਅਤੇ ਹੋਰ ਦੇਸ਼ 'ਚ ਵੱਡੀ ਰਕਮ ਭੇਜੀ। ਪਿਛਲੇ ਸਾਲ ਦੀ ਸ਼ੁਰੂਆਤ 'ਚ ਜਾਂਚ ਏਜੰਸੀ ਨੇ ਕੁਰੈਸ਼ੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ ਅਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਸੀ। ਇਨਕਮ ਟੈਕਸ ਵਿਭਾਗ ਨੇ ਕੁਰੈਸ਼ੀ ਦੇ 11 ਬੇਨਾਮੇ ਖਾਤਿਆਂ ਦਾ ਪਤਾ ਲਗਾਇਆ ਸੀ।