ਜੇਐੱਨਐੱਨ, ਚਮੋਲੀ : ਸਿੱਖਾਂ ਦੇ ਪ੍ਰਸਿੱਧ ਤੀਰਥ ਹੇਮਕੁੰਡ ਸਾਹਿਬ ਅਤੇ ਹਿੰਦੂਆਂ ਦੇ ਤੀਰਥ ਸਥਾਨ ਲੋਕਪਾਲ ਲਕਸ਼ਮਣ ਮੰਦਿਰ ਦੇ ਕਪਾਟ ਸਰਦ ਰੁੱਤ ਲਈ ਬੰਦ ਕਰ ਦਿੱਤੇ ਗਏ। ਤਿੰਨ ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਇਸ ਮੌਕੇ ਦੇ ਗਵਾਹ ਬਣੇ। ਹੁਣ ਅਗਲੇ ਸਾਲ ਕਪਾਟ ਖੁੱਲ੍ਹਣ ਤਕ ਗੁਰੂ ਗ੍ਰੰਥ ਸਾਹਿਬ ਦੀ ਅਰਦਾਸ ਗੋਬਿੰਦਘਾਟ ਗੁਰਦੁਆਰੇ 'ਚ ਕੀਤੀ ਜਾਵੇਗੀ।
ਸਮੁੰਦਰੀ ਸਤ੍ਹਾ ਤੋਂ 15 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਹੇਮਕੁੰਡ ਸਾਹਿਬ ਨੂੰ ਹਿਮਾਲਿਆ ਦਾ ਪੰਜਵਾਂ ਧਾਮ ਵੀ ਕਿਹਾ ਜਾਂਦਾ ਹੈ। ਸ਼ਨਿਚਰਵਾਰ ਸਵੇਰੇ 9 ਵਜੇ ਪਹਿਲੀ ਅਰਦਾਸ ਨਾਲ ਕਪਾਟ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਸ਼ਬਦ ਕੀਰਤਨ ਤੋਂ ਬਾਅਦ ਮੁੱਖ ਗ੍ਰੰਥੀ ਮਿਲਾਪ ਸਿੰਘ ਦੀ ਅਗਵਾਈ 'ਚ ਸ਼ਰਧਾਲੂਆਂ ਨੇ ਆਖ਼ਰੀ ਅਰਦਾਸ 'ਚ ਹਿੱਸਾ ਲਿਆ। ਇਸ ਤੋਂ ਬਾਅਦ ਦੁਪਹਿਰ 12.30 ਵਜੇ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰੂ ਗ੍ਰੰਥ ਸਾਹਿਬ ਨੂੰ ਸੱਚਖੰਡ ਵਿਰਾਜਮਾਨ ਕੀਤਾ ਗਿਆ। ਦੁਪਹਿਰ ਬਾਅਦ ਠੀਕ 1.30 ਵਜੇ ਹੇਮਕੁੰਡ ਸਾਹਿਬ ਦਾ ਕਪਾਟ ਬੰਦ ਕਰ ਦਿੱਤਾ ਗਿਆ ਅਤੇ ਪੰਜ ਪਿਆਰਿਆਂ ਨਾਲ ਯਾਤਰਾ ਘਾਂਘਰਿਆ ਲਈ ਰਵਾਨਾ ਹੋਈ। ਸ਼ਨਿਚਰਵਾਰ ਨੂੰ ਰਾਤ ਦੇ ਆਰਾਮ ਤੋਂ ਬਾਅਦ ਯਾਤਰਾ ਐਤਵਾਰ ਨੂੰ ਗੋਬਿੰਦਘਾਟ ਪਹੁੰਚੇਗੀ। ਹੁਣ ਸ਼ਰਧਾਲੂ ਸਰਦ ਰੁੱਤ 'ਚ ਗੁਰੂ ਗ੍ਰੰਥ ਸਾਹਿਬ ਦੀ ਅਰਦਾਸ ਇਥੇ ਕਰਨਗੇ। ਦੂਸੇ ਪਾਸੇ ਵੈਦਿਕ ਮੰਤਰਾਂ ਦੇ ਉਚਾਰਨ ਅਤੇ ਪੂਜਾ ਪਾਠ ਤੋਂ ਬਾਅਦ ਲੋਕਪਾਲ ਲਕਸ਼ਮਣ ਮੰਦਿਰ ਦੇ ਕਪਾਟ ਵੀ ਬੰਦ ਕਰ ਦਿੱਤੇ। ਇਸ ਮੌਕੇ 'ਤੇ ਭਿਊਡਾਰ ਪਿੰਡ ਦੇ ਹੱਕ-ਹਕੂਕਧਾਰੀਆਂ ਨਾਲ ਯਾਤਰੀਆਂ ਨੇ ਕਪਾਟ ਬੰਦ ਦੇ ਮੌਕੇ 'ਤੇ ਲੋਕਪਾਲ ਲਕਸ਼ਮਣ ਜੀ ਦੀ ਪੂਜਾ ਅਰਚਨਾ ਕੀਤੀ।