ਲੰਡਨ (ਆਈਏਐੱਨਐੱਸ) : ਬਿ੍ਰਟਿਸ਼ ਗਾਇਕਾ ਏਡੇਲ ਦੇ ਐਲਬਮ '25' ਨੂੰ ਭਾਰੀ ਸਫਲਤਾ ਮਿਲੀ ਹੈ। ਇਸ ਦੇ ਦਮ 'ਤੇ ਉਹ ਰੋਜ਼ਾਨਾ 84 ਹਜ਼ਾਰ ਪੌਂਡ (ਕਰੀਬ 68 ਲੱਖ ਰੁਪਏ) ਕਮਾ ਰਹੀ ਹੈ। ਉਸ ਦਾ ਇਹ ਐਲਬਮ ਬਿ੍ਰਟਿਸ਼ ਇਤਿਹਾਸ ਵਿਚ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਬਣ ਗਿਆ ਹੈ।
ਤਿੰਨ ਸਾਲ ਮਗਰੋਂ ਐਲਬਮ '25' ਨਾਲ ਵਾਪਸੀ ਕਰਨ ਵਾਲੀ 28 ਸਾਲਾ ਏਡੇਲ ਆਪਣੀ ਕੰਪਨੀ ਮੈਲਟਿਡ ਸਟੋਨ ਲਿਮਟਿਡ ਜ਼ਰੀਏ ਤਿੰਨ ਕਰੋੜ ਪੌਂਡ (ਕਰੀਬ 244 ਕਰੋੜ ਰੁਪਏ) ਦਾ ਜੁਗਾੜ ਕਰ ਚੁੱਕੀ ਹੈ। ਇਹ ਐਲਬਮ 20 ਨਵੰਬਰ, 2015 ਨੂੰ ਜਾਰੀ ਹੋਈ ਸੀ। ਇਸ ਲਿਹਾਜ਼ ਨਾਲ ਉਸ ਦੀ ਰੋਜ਼ਾਨਾ ਦੀ ਕਮਾਈ 84 ਹਜ਼ਾਰ ਪੌਂਡ ਪੁੱਜ ਗਈ ਹੈ। ਉਸ ਦਾ ਪਹਿਲਾ ਐਲਬਮ '19' ਸੰਨ 2008 ਵਿਚ ਆਇਆ ਸੀ। ਇਸ ਲਈ ਉਸ ਨੂੰ 2009 ਵਿਚ ਬੈਸਟ ਨਿਊ ਆਰਟਿਸਟ ਦਾ ਗ੍ਰੈਮੀ ਪੁਰਸਕਾਰ ਮਿਲਿਆ ਸੀ। ਇਸ ਮਗਰੋਂ ਉਸ ਦਾ ਦੂਜਾ ਐਲਬਮ '21' ਸੰਨ 2011 ਵਿਚ ਆਇਆ। ਇਸ ਨੂੰ ਵੀ ਸਫਲਤਾ ਮਿਲੀ ਅਤੇ ਇਸ ਐਲਬਮ ਨੇ ਕਈ ਐਵਾਰਡ ਜਿੱਤੇ ਸਨ। ਸੰਨ 2012 ਵਿਚ ਏਡੇਲ ਨੇ 'ਸਕਾਈਫਾਲ' ਲਾਂਚ ਕੀਤਾ। ਇਸ ਐਲਬਮ ਨੇ ਆਸਕਰ, ਗ੍ਰੈਮੀ ਅਤੇ ਗੋਲਡਨ ਗਲੋਬ ਵਰਗੇ ਵੱਕਾਰੀ ਪੁਰਸਕਾਰ ਜਿੱਤੇ।