ਨਵੀਂ ਦਿੱਲੀ (ਏਜੰਸੀ) : ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਰਾਹਿਲ ਸ਼ਰੀਫ ਵੱਲੋਂ ਕਸ਼ਮੀਰ ਨੂੰ ਅਧੂਰਾ ਏਜੰਡਾ ਦੱਸੇ ਜਾਣ ਦੇ ਜਵਾਬ ਵਿਚ ਭਾਰਤ ਨੇ ਕਿਹਾ ਹੈ ਕਿ ਗੁਆਂਢੀ ਮੁਲਕ ਨਾਲ ਇਕੋ ਇਕ ਮੁੱਦਾ ਗ਼ੁਲਾਮ ਕਸ਼ਮੀਰ ਦਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਸੋਮਵਾਰ ਨੂੰ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ਜੰਮੂੁ-ਕਸ਼ਮੀਰ ਭਾਰਤ ਦਾ ਅਤੁੱਟ ਅੰਗ ਹੈ। ਜੇਕਰ ਇਸ ਨਾਲ ਜੁੜਿਆ ਕੋਈ ਮੁੱਦਾ ਹੈ ਤਾਂ ਉਹ ਇਹ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੰੂ ਕਿਵੇਂ ਮੁੜ ਤੋਂ ਭਾਰਤ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਗੁਆਂਢੀ ਮੁਲਕ ਨੂੰ ਚੇਤਾ ਕਰਵਾਇਆ ਕਿ ਪਿਛਲੇ 65-66 ਸਾਲਾਂ ਤੋਂ ਉਨ੍ਹਾਂ ਨੇ ਇਸ 'ਤੇ ਕਬਜ਼ਾ ਕੀਤਾ ਹੋਇਆ ਹੈ। ਜਿਤੇਂਦਰ ਸਿੰਘ ਦਾ ਇਹ ਜਵਾਬ ਰਾਹਿਲ ਸ਼ਰੀਫ ਦੇ ਉਸ ਤਿੱਖੇ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕਸ਼ਮੀਰ, ਪਾਕਿਸਤਾਨ ਦਾ ਅਧੂਰਾ ਏਜੰਡਾ ਹੈ। ਰਾਵਲਪਿੰਡੀ ਵਿਚ 1965 ਦੀ ਜੰਗ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਵਿਚ ਬੋਲਦਿਆਂ ਸ਼ਰੀਫ ਨੇ ਕਿਹਾ ਕਿ ਜੇਕਰ ਭਾਰਤ ਕਿਸੇ ਤਰ੍ਹਾਂ ਦੀ ਉਲੰਘਣਾ ਕਰਦਾ ਹੈ ਤਾਂ ਅਸੀਂ ਉਸ ਦਾ ਢੁਕਵਾਂ ਜਵਾਬ ਦੇਵਾਂਗੇ। ਭਾਵੇਂ ਰਵਾਇਤੀ ਲੜਾਈ ਹੋਵੇ ਜਾਂ ਗ਼ੈਰ-ਰਵਾਇਤੀ ਹੋਵੇ, ਅਸੀਂ ਹਰ ਸਥਿਤੀ ਲਈ ਤਿਆਰ ਹਾਂ। ਮੰਨਿਆ ਜਾ ਰਿਹਾ ਹੈ ਕਿ ਰਾਹਿਲ ਨੇ ਭਾਰਤੀ ਫ਼ੌਜ ਦੇ ਮੁਖੀ ਦਲਬੀਰ ਸਿੰਘ ਸੁਹਾਗ ਦੇ ਬਿਆਨ ਦੇ ਜਵਾਬ ਵਿਚ ਇਹ ਗੱਲ ਆਖੀ ਹੈ। ਸੁਹਾਗ ਨੇ ਪਾਕਿਸਤਾਨ ਦੀਆਂ ਹਰਕਤਾਂ ਨੂੰ ਵੇਖਦਿਆਂ ਪਿਛਲੇ ਹਫ਼ਤੇ ਭਾਰਤੀ ਫ਼ੌਜੀਆਂ ਨੂੰ ਤੇਜ਼ ਤੇ ਸੰਖੇਪ ਜੰਗ ਲਈ ਤਿਆਰ ਰਹਿਣ ਲਈ ਆਖਿਆ ਸੀ। ਉਨ੍ਹਾਂ ਨੇ ਤਿੰਨਾਂ ਫ਼ੌਜਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਸੀ ਕਿ ਭਵਿੱਖ ਵਿਚ ਜੰਗ ਦੀਆਂ ਤਿਆਰੀਆਂ ਲਈ ਜ਼ਿਆਦਾ ਸਮਾਂ ਨਹੀਂ ਹੋਵੇਗਾ। ਇਸ ਲਈ ਸਾਨੂੰ ਹਮੇਸ਼ਾਂ ਇਸ ਤਰ੍ਹਾਂ ਦੇ ਸੰਖੇਪ ਯੁੱਧਾਂ ਲਈ ਤਿਆਰੀ ਰੱਖਣੀ ਪਵੇਗੀ। ਦੱਸਣਯੋਗ ਹੈ ਕਿ ਕੌਮੀ ਸੁਰੱਖਿਆ ਸਲਾਹਕਾਰ ਪੱਧਰ ਦੀ ਮੀਟਿੰਗ ਰੱਦ ਹੋਣ ਮਗਰੋਂ ਵੀ ਪਾਕਿਸਤਾਨ ਵੱਲੋਂ ਕਾਫੀ ਤਲਖ਼ ਬਿਆਨਬਾਜ਼ੀ ਹੋਈ ਸੀ। ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਸੀ ਕਿ ਭਾਰਤ ਸਰਕਾਰ ਇੰਝ ਵਿਵਹਾਰ ਕਰ ਰਹੀ ਹੈ ਜਿਵੇਂ ਉਹ ਸੁਪਰ ਪਾਵਰ ਹੋਵੇ ਪਰ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਅਜ਼ੀਜ਼ ਨੇ ਕਿਹਾ ਸੀ ਕਿ ਪਾਕਿਸਤਾਨ ਵੀ ਪਰਮਾਣੂ ਤਾਕਤ ਵਾਲਾ ਮੁਲਕ ਹੈ ਤੇ ਸਾਨੂੰ ਆਪਣੇ ਦੇਸ਼ ਦੀ ਰਾਖੀ ਕਰਨੀ ਆਉਂਦੀ ਹੈ।
↧