ਸਟੇਟ ਬਿਊਰੋ, ਚੰਡੀਗੜ੍ਹ : ਅਗਸਤ ਮਹੀਨੇ 'ਚ ਲੁਧਿਆਣਾ ਵਿਚ ਸੜਕ ਹਾਦਸਿਆਂ ਦੌਰਾਨ 32 ਲੋਕਾਂ ਦੀ ਜਾਨ ਚਲੀ ਗਈ। ਇਸ ਦੌਰਾਨ ਹੋਏ ਵੱਖ-ਵੱਖ ਸੜਕ ਹਾਦਸਿਆਂ 'ਚ 50 ਲੋਕ ਜ਼ਖ਼ਮੀ ਵੀ ਹੋਏ। ਪੰਜਾਬ ਵਿਚ ਅਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡੇ ਲੁਧਿਆਣਾ ਸ਼ਹਿਰ 'ਚ ਸੜਕ ਹਾਦਸਿਆਂ ਵਿਚ ਇੰਨੀਆਂ ਮੌਤਾਂ ਹੋਣ ਨਾਲ ਸ਼ਹਿਰ ਵਿਚ ਸੜਕ ਸੁਰੱਖਿਆ ਤੇ ਟ੫ੈਫਿਕ ਮੈਨੇਜਮੈਂਟ ਦਾ ਅੰਦਾਜ਼ਾ ਸਾਫ਼ ਤੌਰ 'ਤੇ ਲਗਾਇਆ ਜਾ ਸਕਦਾ ਹੈ। ਲੁਧਿਆਣਾ ਪੁਲਸ ਕਮਿਸ਼ਨਰੇਟ ਵਿਚ 108 ਐਂਬੂਲੈਂਸ 'ਤੇ ਅਗਸਤ ਮਹੀਨੇ ਵਿਚ 117 ਸੜਕ ਹਾਦਸਿਆਂ ਲਈ ਫੋਨ ਆਇਆ। ਇਸ ਤੋਂ ਭਾਵ ਹੈ ਕਿ ਰੋਜ਼ਾਨਾ ਲਗਪਗ ਚਾਰ ਸੜਕ ਹਾਦਸਿਆਂ ਲਈ ਸਰਕਾਰੀ ਐਂਬੂਲੈਂਸ ਸੇਵਾ ਨੂੰ ਸੂਚਿਤ ਕੀਤਾ ਗਿਆ। ਬਾਕੀ ਸੜਕ ਹਾਦਸੇ ਤੋਂ ਇਸ ਤੋਂ ਵੱਖਰੇ ਹਨ, ਜਿਨ੍ਹਾਂ ਨੂੰ ਸਥਾਨਕ ਪੱਧਰ 'ਤੇ ਲੋਕਾਂ ਨੇ ਖੁਦ ਹੀ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਭਾਰਤ ਸਰਕਾਰ ਦੇ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਦੇ ਟਰਾਂਸਪੋਰਟ ਰਿਸਰਚ ਵਿੰਗ ਦੀ ਤਾਜ਼ਾ ਰਿਪੋਰਟ ਵਿਚ ਲੁਧਿਆਣਾ ਦੀਆਂ ਸੜਕਾਂ ਨੂੰ ਦੇਸ਼ ਭਰ ਵਿਚ ਸਭ ਤੋਂ ਘਾਤਕ ਸੜਕਾਂ ਮੰਨਿਆ ਗਿਆ ਹੈ। ਇਸ ਸ਼ਹਿਰ ਵਿਚ ਸੜਕ ਹਾਦਸਿਆਂ ਵਿਚ ਮਾਰੇ ਜਾਣ ਦੀ ਤਾਦਾਦ ਦੇਸ਼ ਭਰ ਵਿਚ ਸਭ ਤੋਂ ਵੱਧ ਹੈ। ਲੁਧਿਆਣਾ 'ਚ ਸੜਕ ਹਾਦਸਿਆਂ 'ਚ 67 ਫ਼ੀਸਦੀ ਮਾਮਲਿਆਂ ਵਿਚ ਮੌਤ ਤੈਅ ਹੈ। ਇਸ ਮਾਮਲੇ ਵਿਚ 60 ਫ਼ੀਸਦੀ ਦੇ ਨਾਲ ਅੰਮਿ੍ਰਤਸਰ ਦੂਜੇ ਨੰਬਰ 'ਤੇ ਆਉਂਦਾ ਹੈ। ਰਿਪੋਰਟ ਮੁਤਾਬਕ ਦੇਸ਼ ਭਰ ਵਿਚ 15-34 ਉਮਰ ਵਰਗ ਦੇ 75,000 ਤੋਂ ਵੱਧ ਲੋਕਾਂ ਦੀ ਮੌਤ ਸੜਕ ਹਾਦਸਿਆਂ ਵਿਚ ਹੁੰਦੀ ਹੈ। ਪੰਜਾਬ ਵਿਚ ਦਰਜ ਹੁੰਦੇ ਲਗਪਗ 6500 ਸੜਕ ਹਾਦਸਿਆਂ ਵਿਚ 5 ਹਜ਼ਾਰ ਤੋਂ ਵੱਧ ਲੋਕਾਂ ਦੀ ਸਾਲਾਨਾ ਮੌਤ ਹੁੰਦੀ ਹੈ। ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੇ ਵਾਈਸ ਚੇਅਰਮੈਨ ਅਤੇ ਅੰਤਰਰਾਸ਼ਟਰੀ ਸੜਕ ਸੁਰੱਖਿਆ ਮਾਹਰ ਡਾ. ਕਮਲਜੀਤ ਸੋਈ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਵਿਚ 108 ਨੰਬਰ ਵਾਲੀਆਂ 16 ਐਂਬੂਲੈਂਸਾਂ ਹਨ। ਲੋਕਾਂ ਨੂੰ ਕਿਸੇ ਵੀ ਪੱਧਰ 'ਤੇ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਨਹੀਂ ਕੀਤਾ ਜਾ ਰਿਹਾ। ਸ਼ਹਿਰ ਵਿਚ ਓਵਰ ਸਪੀਡ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਚਲਾਨ ਕੱਟਣ 'ਤੇ ਕਿੰਨਾ ਧਿਆਨ ਦਿੱਤਾ ਜਾਂਦਾ ਹੈ, ਇਸ ਦਾ ਅੰਦਾਜ਼ਾ ਹੁਣ ਤਕ ਕੱਟੇ ਚਲਾਨਾਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਓਵਰਲੋਡਿੰਗ ਵਾਹਨ ਵੀ ਕਈ ਹਾਦਸਿਆਂ ਲਈ ਜ਼ਿੰਮੇਵਾਰ ਹੁੰਦੇ ਹਨ।
ਪੰਜਾਬ 'ਚ ਅੌਰਤਾਂ ਖ਼ਿਲਾਫ਼ ਅਪਰਾਧ 'ਚ ਵਾਧਾ
ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਸੂਬੇ ਵਿਚ ਅੌਰਤਾਂ ਖ਼ਿਲਾਫ਼ ਅਪਰਾਧ ਦਾ ਗ੍ਰਾਫ ਤੇਜ਼ੀ ਨਾਲ ਵਧ ਰਿਹਾ ਹੈ। ਲੁਧਿਆਣਾ, ਅੰਮਿ੍ਰਤਸਰ ਅਤੇ ਪਠਾਨਕੋਟ ਵਿਚ ਮਹਿਲਾ ਅਪਰਾਧ ਵਿਚ ਕਾਫੀ ਵਾਧਾ ਹੋਇਆ ਹੈ। ਅੌਰਤਾਂ ਨਾਲ ਜਬਰ ਜਨਾਹ ਅਤੇ ਇਸ ਦੀਆਂ ਕੋਸ਼ਿਸ਼ਾਂ ਦੇ ਰੋਜ਼ਾਨਾ ਤਿੰਨ ਤੋਂ ਚਾਰ ਮਾਮਲੇ ਦਰਜ ਹੋ ਰਹੇ ਹਨ। ਬੀਤੇ ਚਾਰ ਸਾਲਾਂ ਵਿਚ ਛੇੜਛਾੜ ਅਤੇ ਜਬਰ ਜਨਾਹ ਦੇ 4,548 ਮਾਮਲੇ ਦਰਜ ਹੋਏ ਹਨ, ਜਦਕਿ ਕਈ ਅਜਿਹੇ ਮਾਮਲੇ ਹਨ, ਜੋ ਪੁਲਸ ਤਕ ਪਹੁੰਚ ਹੀ ਨਹੀਂ ਪਾਉਂਦੇ। ਪੰਜਾਬ ਕਰਾਈਮ ਵਿੰਗ ਦੇ ਅੰਕੜਿਆਂ ਮੁਤਾਬਕ ਸਾਲ 2012 ਵਿਚ ਸਿਰਫ 26.7 ਫ਼ੀਸਦੀ ਮਾਮਲਿਆਂ ਵਿਚ ਹੀ ਪੁਲਸ ਦੋਸ਼ੀਆਂ ਨੂੰ ਫੜ ਸਕੀ ਹੈ, ਜਦਕਿ ਸਜ਼ਾ ਸਿਰਫ 38.2 ਫ਼ੀਸਦੀ ਨੂੰ ਹੀ ਹੋਈ ਹੈ। ਨੈਸ਼ਨਲ ਕਰਾਈਮ ਬਿਊਰੋ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਹਰ ਮਿੰਟ ਬਾਅਦ 26 ਅੌਰਤਾਂ ਨਾਲ ਛੇੜਛਾੜ ਅਤੇ ਹਰ ਅੱਧੇ ਘੰਟੇ ਬਾਅਦ ਇਕ ਅੌਰਤ ਨਾਲ ਜਬਰ ਜਨਾਹ ਹੁੰਦਾ ਹੈ।