ਬਲਜੀਤ/ਗੁਰਮੀਤ, ਅਮਰਕੋਟ/ਵਲਟੋਹਾ : ਭਾਰਤ-ਪਾਕਿ ਜੰਗ 1965 ਦੀ 50ਵੀਂ ਵਰ੍ਹੇਗੰਢ ਮੌਕੇ ਕਸਬਾ ਅਮਰਕੋਟ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਕੁਆਰਟਰ ਮਾਸਟਰ ਹੌਲਦਾਰ ਅਬਦੁਲ ਹਮੀਦ ਪਰਮਵੀਰ ਚੱਕਰ ਜੇਤੂ ਅਤੇ ਦੂਜੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਹੀਦ ਹੋਣ ਵਾਲੇ ਨੌਜਵਾਨਾਂ ਦੀਆਂ ਵੀਰ ਨਾਰੀਆਂ ਦੀ ਪੈਨਸ਼ਨ ਪ੍ਰਤੀ ਮਹੀਨਾ 2 ਹਜ਼ਾਰ ਰੁਪਏ ਵਧਾਉਣ ਅਤੇ ਉਨ੍ਹਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਜਨਮੇਜਾ ਸਿੰਘ ਸੇਖੋਂ, ਚੂਨੀ ਲਾਲ ਭਗਤ ਕੈਬਨਿਟ ਮੰਤਰੀ, ਪ੍ਰੋ. ਵਿਰਸਾ ਸਿੰਘ ਵਲਟੋਹਾ, ਜਨਰਲ ਕੇਜੇ ਸਿੰਘ ਲੈਫਟੀਨੈਂਟ ਕਰਨਲ ਪੱਛਮੀ ਕਮਾਂਡ ਨੇ ਪਿੰਡ ਆਸਲ ਉਤਾੜ ਵਿਖੇ ਅਬਦੁਲ ਹਮੀਦ ਅਤੇ ਦੂਜੇ ਸ਼ਹੀਦਾਂ ਦੀ ਸਮਾਧ 'ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਅਮਰਕੋਟ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਉਨ੍ਹਾਂ ਮਹਾਨ ਯੋਧਿਆਂ, ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ ਲਈ ਪੰਜਾਬ ਸਰਕਾਰ ਦਿ੫ੜ ਹੈ। 1965 ਦੀ ਭਾਰਤ-ਪਾਕਿ ਜੰਗ ਵਿਚ ਪੱਛਮੀ ਕਮਾਂਡ ਦੇ ਕਮਾਂਡਰ ਜਨਰਲ ਹਰਬਖਸ਼ ਸਿੰਘ ਵੱਲੋਂ ਵਿਖਾਈ ਗਈ ਬੇਮਿਸਾਲ ਬਹਾਦਰੀ, ਯੁੱਧਨੀਤਕ ਯੋਜਨਾਬੰਧੀ ਅਤੇ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਮੁਕਾਬਲੇ ਦੀ ਯੁੱਧਨੀਤਕ ਸੂਝ-ਬੂਝ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਿਤੇ ਵੀ ਨਹੀਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਨਰਲ ਹਰਬਖਸ਼ ਸਿੰਘ ਵੱਲੋਂ ਦਿੱਤੀ ਗਈ ਅਗਵਾਈ ਦੇ ਸਦਕਾ ਆਸਲ ਉਤਾੜ ਪਿੰਡ ਅਤੇ ਦੂਸਰੇ ਖੇਤਰਾਂ ਵਿਚ ਪਾਕਿਸਤਾਨੀ ਫ਼ੌਜਾਂ ਦੀ ਕਰਾਰੀ ਹਾਰ ਹੋਈ। ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਦੇਸ਼ ਦੀਆਂ ਸੁਰੱਖਿਆ ਸੇਵਾਵਾਂ ਦੇ ਅਧਿਕਾਰੀਆਂ ਨਾਲ ਬਰਾਬਰਤਾ ਦਿੰਦਿਆਂ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਫ਼ੌਜੀ ਜਵਾਨ ਜਿੱਥੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ, ਉੱਥੇ ਪੰਜਾਬ ਦੇ ਕਿਸਾਨ ਨੇ ਸਖ਼ਤ ਮਿਹਨਤ ਕਰਕੇ ਦੇਸ਼ ਨੂੰ ਅਨਾਜ ਦੀ ਪੈਦਾਵਾਰ ਦੇ ਖੇਤਰ ਵਿਚ ਸਵੈ-ਨਿਰਭਰ ਬਣਾਇਆ ਹੈ। ਸੂਬਾ ਪੱਧਰੀ ਸਮਾਗਮ ਦੌਰਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਲੋਕ ਸਭਾ ਨੇ ਫ਼ੌਜੀ ਜਵਾਨਾਂ ਵੱਲੋਂ ਵਿਖਾਈ ਗਈ ਬੇਮਿਸਾਲ ਬਹਾਦਰੀ ਅਤੇ ਦਿਲੇਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜੇਕਰ ਉਸ ਸਮੇਂ ਸਾਡੇ ਫ਼ੌਜੀ ਜਵਾਨ ਅਤੇ ਜਨਰਲ ਪਾਕਿਸਤਾਨ ਨੂੰ ਮੂੰਹ-ਤੋੜਵਾਂ ਜਵਾਬ ਨਾ ਦਿੰਦੇ ਤਾਂ ਲੜਾਈ ਦਾ ਨਕਸ਼ਾ ਕੁਝ ਹੋਰ ਹੀ ਹੁੰਦਾ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਜੰਗ ਦੌਰਾਨ ਸਰਹੱਦੀ ਲੋਕਾਂ ਵੱਲੋਂ ਵੀ ਬੇਮਿਸਾਲ ਬਹਾਦਰੀ ਦਾ ਮੁਜ਼ਾਹਰਾ ਕਰਦਿਆਂ ਫ਼ੌਜ ਨੂੰ ਹਰ ਕਿਸਮ ਦੀ ਮਦਦ ਮੁਹੱਈਆ ਕਰਵਾਈ। ਸਮਾਗਮ ਦੌਰਾਨ ਮੁੱਖ ਮੰਤਰੀ ਬਾਦਲ ਅਤੇ ਫ਼ੌਜ ਦੇ ਦੂਜੇ ਸੀਨੀਅਰ ਅਧਿਕਾਰੀਆਂ ਦਾ ਸੁਆਗਤ ਕਰਦਿਆਂ ਮੁੱਖ ਪਾਰਲੀਮਾਨੀ ਸਕੱਤਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਮੰਗ ਕੀਤੀ ਕਿ ਇਸ ਖੇਤਰ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਦੇ ਤਿੰਨਾਂ ਵਿੰਗਾਂ ਵਿਚ ਭਰਤੀ ਲਈ ਵੱਖ-ਵੱਖ ਭਰਤੀ ਕੈਂਪ ਖੋਲ੍ਹੇ ਜਾਣ ਤਾਂ ਜੋ ਸਰਹੱਦੀ ਖੇਤਰ ਦੇ ਲੋਕਾਂ ਨੂੰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦਾ ਮੌਕਾ ਮਿਲ ਸਕੇ। ਇਸ ਮੌਕੇ ਸੂਬਾ ਪੱਧਰੀ ਸਮਾਗਮ ਵਿਚ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਰਵਿੰਦਰ ਸਿੰਘ ਬ੍ਰਹਮਪੁਰਾ, ਭਾਈ ਮਨਜੀਤ ਸਿੰਘ ਚੇਅਰਮੈਨ ਪੇਡਾ, ਕੇਜੇ ਐਸ ਚੀਮਾ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਜੇਐਸ ਚੀਮਾ ਜਨਰਲ ਅਫਸਰ, ਬਿ੍ਰਗੇਡੀਅਰ ਜਤਿੰਦਰ ਸਿੰਘ ਅਰੋੜਾ ਡਾਇਰੈਕਟਰ ਸੈਨਿਕ ਭਲਾਈ, ਰਵੀ ਭਗਤ ਡਿਪਟੀ ਕਮਿਸ਼ਨਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।
↧