- ਸੂਬੇ 'ਚ ਰੈਲੀ ਸਬੰਧੀ ਤਿਆਰੀਆਂ ਸ਼ੁਰੂ, ਇਕ ਲੱਖ ਲੋਕ ਇਕੱਠੇ ਕਰਨ ਦਾ ਟੀਚਾ
ਜੇਐਨਐਨ, ਜਲੰਧਰ : ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਬਸਪਾ ਸੰਸਥਾਪਕ ਸਵਰਗੀ ਕਾਂਸ਼ੀਰਾਮ ਦੇ ਪ੍ਰੀਨਿਰਵਾਣ ਦਿਵਸ 'ਤੇ ਬੰਗਾ 'ਚ ਕੀਤੀ ਜਾ ਰਹੀ ਮਹਾ ਰੈਲੀ ਲਈ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬਸਪਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ 9 ਅਕਤੂਬਰ ਨੂੰ ਇਹ ਮਹਾ ਰੈਲੀ ਬੰਗਾ ਦੀ ਦਾਣਾ ਮੰਡੀ 'ਚ ਕੀਤੀ ਜਾਵੇਗੀ। ਇਸ ਰੈਲੀ 'ਚ ਬਸਪਾ ਵੱਲੋਂ ਇਕ ਲੱਖ ਲੋਕਾਂ ਨੂੰ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਇਤਿਹਾਸਕ ਹੋਵੇਗੀ ਤੇ ਸੂਬੇ 'ਚ ਬਸਪਾ ਦੇ ਸਾਰੇ ਵਰਗਾਂ 'ਚ ਵੱਧਦੇ ਆਧਾਰ ਦਾ ਪ੍ਰਦਰਸ਼ਨ ਵੀ ਕਰੇਗੀ।
ਕਰੀਮਪੁਰੀ ਨੇ ਦੱਸਿਆ ਕਿ ਇਸ ਰੈਲੀ ਦੀਆਂ ਤਿਆਰੀਆਂ ਲਈ ਸਾਰੇ ਜ਼ਿਲਿ੍ਹਆਂ 'ਚ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਦੀਆਂ ਮੀਟਿੰਗਾਂ ਰੱਖੀਆਂ ਗਈਆਂ ਹਨ। ਇਨ੍ਹਾਂ ਮੀਟਿੰਗਾਂ ਰਾਹੀਂ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਵੱਡੇ ਪੱਧਰ 'ਤੇ ਪਾਰਟੀ ਵਰਕਰ ਤੇ ਸਮਰਥਕ ਰੈਲੀ ਤਕ ਲੈ ਜਾਣ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਸਬੰਧੀ 20 ਸਤੰਬਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਵਿਧਾਨ ਸਭਾ ਹਲਕਿਆਂ ਬੰਗਾ, ਨਵਾਂਸ਼ਹਿਰ ਤੇ ਬਲਾਚੌਰ 'ਚ ਕੀਤੀਆਂ ਗਈਆਂ। ਇਸੇ ਤਰ੍ਹਾਂ 21 ਸਤੰਬਰ ਨੂੰ ਜਲੰਧਰ ਦੇ ਵਿਧਾਨ ਸਭਾ ਹਲਕਾ ਫਿਲੌਰ, ਨਕੋਦਰ ਤੇ ਕਰਤਾਰਪੁਰ 'ਚ ਮੀਟਿੰਗਾਂ ਕੀਤੀਆਂ ਜਾਣਗੀਆਂ। 22 ਸਤੰਬਰ ਤੋਂ 30 ਸਤੰਬਰ ਤਕ ਲਗਾਤਾਰ ਹੁਸ਼ਿਆਰਪੁਰ, ਅੰਮਿ੍ਰਤਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਲੁਧਿਆਣਾ ਤੇ ਹੋਰ ਜ਼ਿਲਿ੍ਹਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਬਸਪਾ ਦਾ ਆਧਾਰ ਸਾਰੇ ਵਰਗਾਂ 'ਚ ਵੱਧ ਰਿਹਾ ਹੈ ਤੇ ਬਸਪਾ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਸਪਾ ਵੱਲੋਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ 19 ਸਤੰਬਰ ਨੂੰ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਬਸਪਾ ਦੇ ਸੀਨੀਅਰ ਆਗੂ ਗੁਰਲਾਲ ਸੈਲਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਐਲਾਨ ਸਬੰਧੀ ਰੱਖੇ ਗਏ ਵਰਕਰ ਸੰਮੇਲਨ 'ਚ ਵੱਡੀ ਗਿਣਤੀ 'ਚ ਹਲਕਾ ਚੱਬੇਵਾਲ ਤੋਂ ਵਰਕਰ ਪੁੱਜੇ। ਉਨ੍ਹਾਂ ਨੇ ਇਨ੍ਹਾਂ ਸਾਰੇ ਵਰਕਰਾਂ ਦਾ ਧੰਨਵਾਦ ਵੀ ਕੀਤਾ।