ਪੱਤਰ ਪ੍ਰੇਰਕ, ਜਲੰਧਰ : ਸ਼ਨਿਚਰਵਾਰ ਨੂੰ ਕਿਸਾਨਾਂ ਦੀ ਮਾਨਾਂਵਾਲਾ 'ਚ ਸਰਕਾਰ ਦੀ ਬੇਰੁਖੀ ਤੇ ਐਤਵਾਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਢੰਡਾਰੀ ਕਲਾਂ 'ਚ ਗੁੱਸਾ। 24 ਘੰਟੇ 'ਚ ਦੂਜੀ ਵਾਰ ਰੇਲ ਮੁਸਾਫ਼ਰਾਂ ਨੂੰ ਰੇਲ ਗੱਡੀਆਂ ਦੇ ਇੰਤਜ਼ਾਰ 'ਚ ਭਟਕਣਾ ਪਿਆ। ਐਤਵਾਰ ਬਾਅਦ ਦੁਪਹਿਰ 3.55 ਵਜੇ ਅੰਮਿ੍ਰਤਸਰ-ਲੁਧਿਆਣਾ ਸੈਕਸ਼ਨ 'ਤੇ ਰੇਲ ਆਵਾਜਾਈ ਨੂੰ ਰੋਕ ਦਿੱਤਾ ਗਿਆ। ਸ਼ਤਾਬਦੀ ਐਕਸਪ੍ਰੈਸ ਸਮੇਤ ਸ਼ਾਨ-ਏ ਪੰਜਾਬ ਤੇ ਹਾਵੜਾ ਮੇਲ ਆਦਿ ਰੇਲ ਗੱਡੀਆਂ ਨੂੰ ਅੰਮਿ੍ਰਤਸਰ ਤੋਂ ਰਵਾਨਾ ਹੀ ਨਹੀਂ ਕੀਤਾ ਗਿਆ। ਢੰਡਾਰੀ ਕਲਾਂ 'ਚ ਰੇਲ ਟਰੈਕ ਆਵਾਜਾਈ ਖੁੱਲ੍ਹਣ ਦੇ ਬਾਅਦ ਰਾਤ 8.20 ਵਜੇ ਸ਼ਤਾਬਦੀ ਐਕਸਪ੍ਰੈਸ ਨੂੰ ਅੰਮਿ੍ਰਤਸਰ ਤੋਂ ਰਵਾਨਾ ਕੀਤਾ ਗਿਆ। ਇਸ ਦੇ 10 ਮਿੰਟ ਬਾਅਦ ਸ਼ਾਨ-ਏ ਪੰਜਾਬ ਨੂੰ ਰਵਾਨਾ ਕੀਤਾ ਗਿਆ।
- ਪਹਿਲਾਂ ਰੇਲ ਗੱਡੀਆਂ ਰੱਦ ਹੋਣ ਦਾ ਹੋਇਆ ਐਲਾਨ
ਰਾਤ 8 ਵਜੇ ਤਕ ਰੇਲਵੇ ਸਟੇਸ਼ਨ 'ਤੇ ਰੇਲ ਗੱਡੀਆਂ ਰੱਦ ਕੀਤੇ ਜਾਣ ਦਾ ਐਲਾਨ ਹੁੰਦਾ ਰਿਹਾ ਤੇ ਮੁਸਾਫ਼ਰਾਂ ਨੂੰ ਬੁਕਿੰਗ ਕਾਊਂਟਰਾਂ ਤੋਂ ਰਿਫੰਡ ਲੈਣ ਲਈ ਕਿਹਾ ਜਾਂਦਾ ਰਿਹਾ। ਇਸ ਦੌਰਾਨ ਬੁਕਿੰਗ ਕਾਊਂਟਰ ਕੰਪਲੈਕਸ, ਪੁੱਛਗਿੱਛ ਦਫ਼ਤਰ ਤੇ ਸਰਕੁਲੇਟਿੰਗ ਏਰੀਆ 'ਚ ਮੁਸਾਫ਼ਰਾਂ ਦੀ ਭਾਰੀ ਭੀੜ ਰਹੀ। ਅੌਰਤਾਂ ਛੋਟੇ ਬੱਚਿਆਂ ਨਾਲ ਜ਼ਮੀਨ 'ਤੇ ਬੈਠੀਆਂ ਰਹੀਆਂ। ਹਾਲਾਂਕਿ ਰੇਲ ਗੱਡੀ ਰੱਦ ਕੀਤੇ ਜਾਣ ਦੇ ਲਗਾਤਾਰ ਹੋ ਰਹੇ ਐਲਾਨ ਦੇ ਬਾਅਦ ਰੇਲਵੇ ਸਟੇਸ਼ਨਾਂ ਅੰਦਰ ਪਲੇਟਫਾਰਮਾਂ 'ਤੇ ਹੋਲੀ-ਹੋਲੀ ਮੁਸਾਫ਼ਰ ਨਿਕਲਣੇ ਸ਼ੁਰੂ ਹੋ ਗਏ।
- 309 ਮੁਸਾਫ਼ਰਾਂ ਨੂੰ 72055 ਦਾ ਰਿਫੰਡ
ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਜਦੋਂ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਤਿੰਨ ਘੰਟੇ ਤੋਂ ਵੱਧ ਸਮੇਂ ਲਈ ਪੱਛੜੀਆਂ ਤਾਂ ਰੇਲਵੇ ਵੱਲੋਂ ਐਡਵਾਂਸ ਤੇ ਕਰੰਟ ਬੁਕਿੰਗ ਰਿਫੰਡ ਸ਼ੁਰੂ ਕਰ ਦਿੱਤਾ ਗਿਆ। ਸ਼ਾਮ 7.40 ਵਜੇ ਤਕ ਬਿਨਾਂ ਰਿਜ਼ਰਵ ਵਰਗ ਦੇ 210 ਮੁਸਾਫ਼ਰਾਂ ਨੂੰ 40635 ਰੁਪਏ ਤੇ ਬੁਕਿੰਗ ਵਾਲੇ ਮੁਸਾਫ਼ਰਾਂ ਨੂੰ ਰਾਤ 8.35 ਵਜੇ ਤਕ 31420 ਰੁਪਏ ਰਿਫੰਡ ਕੀਤੇ ਗਏ।
- ਈ ਟਿਕਟ ਵਾਲੇ ਤਾਂ ਰਿਫੰਡ ਤੋਂ ਵਾਂਝੇ
ਈ ਟਿਕਟ ਵਾਲੇ ਮੁਸਾਫ਼ਰਾਂ ਨੂੰ ਤਾਂ ਮੌਕੇ 'ਤੇ ਰਿਫੰਡ ਵੀ ਨਹੀਂ ਮਿਲ ਸਕਿਆ। ਰੇਲਵੇ ਨਿਯਮਾਂ ਮੁਤਾਬਕ ਈ ਟਿਕਟ ਦਾ ਰਿਫੰਡ ਬੈਂਕ 'ਚ ਹੀ ਮਿਲਦਾ ਹੈ।
- 8.20 ਤੋਂ ਬਾਅਦ ਰਿਫੰਡ ਲਈ ਭੜਕਣ ਲੱਗੇ ਮੁਸਾਫ਼ਰ
ਜਦੋਂ ਰਾਤ 8.20 ਵਜੇ ਸ਼ਤਾਬਦੀ ਐਕਸਪ੍ਰੈਸ ਨੂੰ ਅੰਮਿ੍ਰਤਸਰ ਤੋਂ ਰਵਾਨਾ ਕੀਤੇ ਜਾਣ ਦੀ ਸੂਚਨਾ ਮਿਲੀ ਤਾਂ ਰਿਫੰਡ ਲਈ ਕਈ ਮੁਸਾਫ਼ਰ ਭੜਕ ਪਏ ਤੇ ਰੇਲਵੇ ਅਧਿਕਾਰੀਆਂ ਨਾਲ ਬਹਿਸ ਕਰਦੇ ਨਜ਼ਰ ਆਏ। ਰੇਲਵੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਰੇਲ ਗੱਡੀ ਆ ਰਹੀ ਹੈ ਤਾਂ ਪੂਰਾ ਰਿਫੰਡ ਮਿਲਣਾ ਸੰਭਵ ਨਹੀਂ ਹੈ।
- ਬਿਠੰਡਾ ਸ਼ਤਾਬਦੀ ਨੂੰ ਜਲੰਧਰ ਲਿਆਂਦਾ ਗਿਆ
ਦਿੱਲੀ-ਬਿਠੰਡਾ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਨੂੰ ਐਤਵਾਰ ਸ਼ਾਮ ਲਗਪਗ 4 ਵਜੇ ਜਲੰਧਰ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਗਿਆ। ਰੇਲ ਗੱਡੀ ਦੇ ਸਟਾਫ ਮੁਤਾਬਕ ਰੇਲ ਗੱਡੀ ਸ਼ਨਿਚਰਵਾਰ ਤੋਂ ਹੀ ਬਿਠੰਡਾ 'ਚ ਖੜ੍ਹੀ ਸੀ, ਜਿਸ ਨੂੰ ਐਤਵਾਰ ਦੁਪਹਿਰ ਲਗਪਗ ਇਕ ਵਜੇ ਫਿਰੋਜ਼ਪੁਰ ਲਈ ਰਵਾਨਾ ਕੀਤਾ ਗਿਆ ਤੇ ਢੰਡਾਰੀ ਕਲਾਂ 'ਚ ਰੇਲ ਟਰੈਕ ਜਾਮ ਹੋਣ ਤੋਂ ਬਾਅਦ ਉਥੋ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਗਿਆ।
- 5 ਘੰਟੇ ਤਕ ਪੱਛੜੀਆਂ ਰੇਲ ਗੱਡੀਆਂ
ਰਾਤ 9 ਵਜੇ ਸਿਟੀ ਰੇਲਵੇ ਸਟੇਸ਼ਨ ਤੇ ਅੰਮਿ੍ਰਤਸਰ ਜਾਣ ਵਾਲੀ ਪੱਛਮ ਐਕਸਪ੍ਰੈਸ ਆਪਣੇ ਨਿਰਧਾਰਤ ਸਮੇਂ ਤੋਂ 4 ਘੰਟੇ, ਸੱਚਖੰਡ ਐਕਸਪ੍ਰੈਸ 5 ਘੰਟੇ, ਸ਼ਹੀਦ ਐਕਸਪ੍ਰੈਸ 1 ਘੰਟਾ, ਸ਼ਤਾਬਦੀ ਐਕਸਪ੍ਰੈਸ 2 ਘੰਟੇ, ਜਨ ਸ਼ਤਾਬਦੀ ਡੇਢ ਘੰਟਾ ਤੇ ਹੀਰਾਕੁੰਡ ਐਕਸਪ੍ਰੈਸ ਆਪਣੇ ਨਿਰਧਾਰਤ ਸਮੇਂ ਤੋਂ ਸਾਢੇ ਤਿੰਨ ਘੰਟੇ ਦੇਰ ਨਾਲ ਪੁੱਜਣ ਦੀ ਸੂਚਨਾ ਸੀ।
-- ਮੁਸਾਫ਼ਰਾਂ ਦਾ ਦਰਦ
- ਹੋਟਲ 'ਚ ਰੁੱਕਣ ਦਾ ਵੀ ਬਜਟ ਨਹੀਂ
ਆਪਣੇ ਪਰਿਵਾਰ ਨਾਲ ਹਾਵੜਾ ਮੇਲ ਤੋਂ ਲਖਨਊ ਪਰਤ ਰਹੇ ਹਿਮਦੀਪ ਸਿੰਘ ਨੇ ਦੱਸਿਆ ਉਨ੍ਹਾਂ ਕੋਲ ਈ ਟਿਕਟ ਸਨ, ਜਿਨ੍ਹਾਂ ਦਾ ਰਿਫੰਡ ਸੰਭਵ ਨਹੀਂ ਹੋਇਆ। ਉਨ੍ਹਾਂ ਕਿਹਾ ਹੋਟਲ 'ਚ ਰੁੱਕਣ ਦਾ ਬਜਟ ਨਹੀਂ ਹੈ। ਜੇਕਰ ਰੇਲ ਗੱਡੀ ਨਾ ਚੱਲੀ ਤਾਂ ਰਾਤ ਰੁੱਕਣਾ ਵੀ ਮੁਸ਼ਕਲ ਨਹੀਂ ਹੋਵੇਗਾ।
- ਮੁਰਾਦਾਬਾਦ ਦੀ ਬੁਕਿੰਗ ਦਾ ਸ਼ੱਕ
ਰੋਟਰੀ ਕਲੱਬ ਜਲੰਧਰ ਮਿਡਟਾਊਨ ਦੇ ਸਾਬਕਾ ਏਜੀ ਸੰਜੀਵ ਸੇਠੀ ਨੇ ਦੱਸਿਆ ਉਹ ਕੇਸਰ ਤੇ ਹੀਂਗ ਦੇ ਸਪਲਾਇਰ ਹਨ। ਤੇ ਵਪਾਰ ਦੇ ਸਿਲਸਿਲੇ 'ਚ ਮੁਰਾਦਾਬਾਦ ਜਾ ਰਹੇ ਸਨ। ਪਰ ਰੇਲ ਗੱਡੀ ਨਹੀਂ ਚਲੀ। ਅੱਗੇ ਦੀ ਬੁਕਿੰਗ ਸਬੰਧੀ ਵੀ ਸ਼ੱਕ ਹੈ।
- ਪਰਿਵਾਰ ਸਮੇਤ ਫਸੇ ਮੁਖਰਜੀ
ਹਾਵੜਾ ਮੇਲ ਰਾਹੀਂ ਲਖਨਊ ਜਾਣ ਲਈ ਰੇਲਵੇ ਸਟੇਸ਼ਨ ਪੁੱਜੇ ਐਸਐਸ ਮੁਖਰਜੀ ਨੇ ਦੱਸਿਆ ਹੁਣ ਤਾਂ ਸਿਵਾਏ ਰੇਲ ਗੱਡੀ ਦਾ ਇੰਤਜ਼ਾਰ ਕਰਨ ਦਾ ਕੋਈ ਚਾਰਾ ਨਹੀਂ ਹੈ। ਪਰਿਵਾਰ ਫੁੱਟ ਓਵਰਬਿ੍ਰਜ ਦੀਆਂ ਪੋੜੀਆਂ 'ਤੇ ਹੀ ਬੈਠਾ ਰਿਹਾ।