ਉਦਾਸੀ ਸੰਪਰਦਾਇ ਦੇ ਆਚਾਰੀਆ ਭਗਵਾਨ ਸ਼੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ 1551 ਬਿਕਰਮੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਮਾਂ ਸੁਲਖਣੀ ਦੀ ਕੁੱਖੋਂ ਹੋਇਆ। ਮਹਾਨ ਪਿਤਾ ਦੇ ਮਹਾਨ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਵੀ ਆਪਣੇ ਜੀਵਨ ਵਿਚ ਆਪਣੇ ਪਿਤਾ ਵਾਂਗ ਧਰਮ ਯਾਤਰਾਵਾਂ ਦੇ ਮਾਰਰਗ ਨੂੰ ਚੁਣਿਆ ਤੇ ਜਨ ਮਾਨਸ ਵਿਚ ਮਨੁੱਖੀ ਭਾਈਚਾਰੇ ਦੀ ਗੱਲ ਕੀਤੀ। ਉਨ੍ਹਾਂ ਨੇ ਆਪਣੀ ਬਾਣੀ ਵਿਚ ਕਿਹਾ ਕਿ ਰੰਗ ਦੇ ਆਧਾਰ 'ਤੇ ਮਨੁੱਖੀ ਨਸਲਾਂ ਵਿਚ ਭੇਦਭਾਵ ਤੋਂ ਉੱਪਰ ਉਠ ਕੇ ਆਪਸੀ ਭਾਈਚਾਰੇ ਦੀ ਗੱਲ ਕਰਨੀ ਚਾਹੀਦੀ ਹੈ।
ਸਾਹ ਸਫੇਦ ਜਰਦ ਸੁਰਖਾਈ
ਜੋ ਲੇ ਪਹਰਿ ਸੋ ਗੁਰ ਪਾਈ।
ਉਨ੍ਹਾਂ ਨੇ ਆਪਣੀਆਂ ਯਾਤਰਾਵਾਂ ਵਿਚ ਵੱਖ-ਵੱਖ ਥਾਵਾਂ 'ਤੇ ਜਾ ਕੇ ਉਸ ਵੇਲੇ ਦੇ ਸ਼ਾਸਕ ਵਰਗ ਨੂੰ ਆਪਣੇ ਚਮਤਕਾਰਾਂ ਨਾਲ ਪ੍ਰਭਾਵਿਤ ਕਰਕੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਰਾਜੇ ਦਾ ਕੰਮ ਨਿਆਂ ਕਰਨਾ ਹੁੰਦਾ ਹੈ। ਉਸ ਲਈ ਪਰਜਾ ਦੇ ਸਾਰੇ ਵਰਗ ਬਰਾਬਰ ਹੁੰਦੇ ਹਨ। ਉਸ ਨੂੰ ਕਿਸੇ ਨਾਲ ਵੀ ਭੇਦਭਾਵ ਨਾ ਕਰਦੇ ਹੋਏ ਹਰ ਇਕ ਨੂੰ ਉਸ ਦੇ ਧਰਮ ਦੇ ਪਾਲਣ ਲਈ ਆਜ਼ਾਦੀ ਦੇਣੀ ਚਾਹੀਦੀ ਹੈ। ਇਹ ਵਰਨਣਯੋਗ ਹੈ ਉਸ ਵੇਲੇ ਦੇ ਸ਼ਾਸਕਾਂ ਨੇ ਹਿੰਦੂ ਧਰਮ ਦੇ ਲੋਕਾਂ 'ਤੇ ਵਿਸ਼ੇਸ਼ ਤਰ੍ਹਾਂ ਦੇ ਪ੍ਰਤੀਬੰਧ ਲਗਾ ਰੱਖੇ ਸਨ। ਜਿਸ ਕਰਕੇ ਹਿੰਦੂ ਧਰਮ ਦੇ ਲੋਕ ਆਪਣੀ ਆਜ਼ਾਦੀ ਨਾਲ ਆਪਣੇ ਧਰਰਮ ਦੇ ਰੀਤੀ ਰਿਵਾਜਾਂ ਦਾ ਪਾਲਣ ਨਹੀਂ ਸਨ ਕਰ ਸਕਦੇ।
ਆਪਣੀਆਂ ਯਾਤਰਾਵਾਂ ਦੇ ਕ੍ਰਮ ਵਿਚ ਭਗਵਾਨ ਸ਼੍ਰੀ ਚੰਦ ਜੀ ਕਾਬਲ, ਕੰਧਾਰ, ਅਫਗਾਨਿਸਤਾਨ, ਬਲੋਚਿਸਤਾਨ ਤੇ ਸਿੰਧ ਪ੍ਰਾਂਤ ਤੇ ਕਸ਼ਮੀਰ ਤੇ ਹੋਰਨਾਂ ਸਥਾਨਾਂ 'ਤੇ ਗਏ। ਉਂਝ ਤਾਂ ਬਹੁਤਾ ਸਮਾਂ ਉਨ੍ਹਾਂ ਦਾ ਯਾਤਰਾਵਾਂ ਵਿਚ ਹੀ ਬੀਤਿਆ ਪਰ ਕੁਝ ਅਜਿਹੇ ਸਥਾਨ ਹਨ ਜਿੱਥੇ ਉਨ੍ਹਾਂ ਨਿਰੰਤਰ ਰਹਿ ਕੇ ਆਪਣੀ ਤਪੱਸਿਆ ਕੀਤੀ ਜਿਵੇਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਬਾਰਠ ਨਾਂ ਦਾ ਪਿੰਡ। ਇਤਿਹਾਸਕਾਰਾਂ ਦੇ ਮਤ ਅਨੁਸਾਰ ਭਗਵਾਨ ਸ਼੍ਰੀ ਚੰਦ ਜੀ ਇਸ ਪਿੰਡ ਵਿਚ ਵੱਖ-ਵੱਖ ਸਮੇਂ ਤੇ ਲਗਪਗ 36 ਸਾਲ ਰਹੇ। ਉਹ ਤਪ ਸਥਾਨ ਅੱਜ ਵੀ ਮੌਜੂਦ ਹੈ। ਇਸ ਸਥਾਨ ਨੂੰ ਗੁਰਦੁਆਰਾ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਜਾਣਿਆ ਜਾਂਦਾ ਹੈ। ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ। ਹਰ ਮੱਸਿਆ 'ਤੇ ਇਥੇ ਭਾਰੀ ਮੇਲਾ ਲਗਦਾ ਹੈ। ਸ਼੍ਰੀ ਚੰਦ ਨੌਮੀ ਦਾ ਪਰਵ ਵੀ ਮਨਾਇਆ ਜਾਂਦਾ ਹੈ। ਇਸ ਸਥਾਨ 'ਤੇ ਤੀਜੇ, ਚੌਥੇ, ਪੰਜਵੇਂ ਤੇ ਛੇਵੇਂ ਗੁਰੂ ਸਾਹਿਬਾਨ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਲਈ ਆਏ ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪੁੱਤਰ ਗੁਰਦਿੱਤਾ ਜੀ ਭੇਟ ਕੀਤਾ। ਬਾਬਾ ਸ੍ਰੀ ਚੰਦ ਜੀ ਨੇ ਡੇਰਾ ਬਾਬਾ ਨਾਨਕ ਨਗਰ ਵਸਾਇਆ।
ਬਾਰੇ ਖਾਨ ਨਾਂ ਦੇ ਪਠਾਨ ਦੁਆਰਾ ਬਹੁਤ ਸਾਰੀ ਜ਼ਮੀਨ ਦਾਨ ਦੇਣ ਤੇ ਉਸ ਜਗ੍ਹਾ 'ਤੇ ਪਠਾਨਕੋਟ ਨਾਂ ਦਾ ਨਗਰ ਵਸਾਇਆ। ਗੁਰੂ ਰਾਮਦਾਸ ਜੀ ਦੇ ਨਾਲ ਸੰਵਾਦ ਕਰਦਿਆਂ ਬਾਬਾ ਜੀ ਨੇ ਇਕ ਵਿਚਾਰ ਦਿੱਤਾ ਕਿ ਉਹ ਪਵਿੱਤਰ ਥਾਂ ਜਿੱਥੇ ਤੁਸੀਂ ਸਰੋਵਰ ਦੀ ਖੁਦਾਈ ਕਰਵਾ ਰਹੇ ਹੋ। ਉਸ ਦੇ ਆਸ ਪਾਸ ਦੀ ਬਸਤੀ ਦਾ ਨਾਂ ਬਜਾਏ ਰਾਮਵਾਸ ਚੱਕ ਦੇ ਅੰਮਿ੍ਰਤਸਰ ਰੱਖੋ। 149 ਵਰ੍ਹੇ ਤੱਕ ਵੀ ਭਗਵਾਨ ਇਸ ਸੰਸਾਰ ਵਿਚ ਜਨ ਮਾਨਸ ਦਾ ਕਲਿਆਣ ਕਰਦੇ ਹੋਏ ਅਖੀਰ ਵਿਚ ਚੰਬੇ ਪਹੁੰਚੇ। ਰਾਵੀ ਨਦੀ ਦੇ ਠੰਢੇ ਮਲਾਹ ਨੂੰ ਨਦੀ ਪਾਰ ਕਰਾਉਣ ਲਈ ਕਿਹਾ। ਉਸ ਨੇ ਅੱਗੋਂ ਕਿਹਾ ਕਿ ਤੁਸੀਂ ਤੇ ਪੀਰ ਫਕੀਰ ਹੋ। ਲੋਕਾਂ ਨੂੰ ਭਵ ਸਾਗਰ ਤੋਂ ਪਾਰ ਕਰਨ ਦਾ ਰਾਹ ਦੱਸਦੇ ਹੋ। ਆਪ ਇਸ ਨਦੀ ਤੋਂ ਪਾਰ ਨਹੀਂ ਹੋ ਸਕਦੇ।
ਭਗਵਾਨ ਜਿਸ ਸ਼ਿਲਾ 'ਤੇ ਖੜੇ ਸਨ ਉਸ ਸ਼ਿਲਾ ਰਾਹੀਂ ਹੀ ਨਦੀ ਪਾਰ ਕਰਦੇ ਹੋਏ ਦੇਹ ਸਹਿਤ ਅਲੋਪ ਹੋ ਗਏ। ਅੱਜ ਭਗਵਾਨ ਦੇ 521ਵੇਂ ਪ੍ਰਕਾਸ਼ ਦਿਹਾੜੇ 'ਤੇ ਸਾਰੇ ਧਰਮਾਂ ਨੂੰ ਲੱਖ-ਲੱਖ ਵਧਾਈ।
: ਸੁਆਮੀ ਸ਼ਾਂਤਾਨੰਦ ਉਦਾਸੀਨ,
ਪ੍ਰੀਤਮ ਭਵਨ ਉਦਾਸੀਨ ਆਸ਼ਰਮ ਜਲੰਧਰ