ਸਟਾਫ ਰਿਪੋਰਟਰ, ਜਲੰਧਰ : 'ਪੋਸਟ ਮੈਟਿ੫ਕ ਸਕਾਲਰਸ਼ਿਪ ਫਾਰ ਐਸਸੀ/ਬੀਸੀ ਲਈ ਸਰਕਾਰ ਨੇ ਜੋ ਪੋਰਟਲ ਬਣਾਇਆ ਸੀ, ਉਹ ਕੁਝ ਦਿਨਾਂ ਤੋਂ ਬੰਦ ਹੈ ਅਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਦਿੱਕਤ ਆ ਰਹੀ ਹੈ। ਜੇਕਰ ਵਿਦਿਆਰਥੀ ਇਸ ਸਬੰਧੀ ਪੋਰਟਲ 'ਤੇ ਆਪਣੇ ਫਾਰਮ ਨਹੀਂ ਭਰਨਗੇ ਤਾਂ ਉਨ੍ਹਾਂ ਨੂੰ ਪੋਸਟ ਮੈਟਿ੫ਕ ਸਕਾਲਰਸ਼ਿਪ ਦਾ ਲਾਭ ਮਿਲਣਾ ਅੌਖਾ ਹੋ ਜਾਵੇਗਾ ਪਰ ਹਾਲੇ ਤਕ ਇਹ ਪਤਾ ਨਹੀਂ ਲੱਗ ਰਿਹਾ ਕਿ ਪੋਰਟਲ ਕਿਉਂ ਬੰਦ ਹੈ। ਜੇਕਰ ਪੰਜਾਬ ਸਰਕਾਰ ਨੇ ਇਸ ਸਬੰਧੀ ਫੈਸਲਾ ਲੈਣਾ ਹੈ ਜਾਂ ਕੇਂਦਰ ਸਰਕਾਰ ਨੇ ਇਸ ਤੇ ਕਾਰਵਾਈ ਕਰਨੀ ਹੈ ਤਾਂ ਫਿਰ ਜਲਦੀ ਕਰਨੀ ਚਾਹੀਦੀ ਹੈ।' ਇਹ ਗੱਲ ਕੰਜ਼ਿਊਮਰ ਰਾਈਟਸ ਅਤੇ ਪਬਲਿਕ ਪ੍ਰੋਟੈਕਸ਼ਨ ਦੇ ਜਨਰਲ ਸਕੱਤਰ ਭੁਪਿੰਦਰ ਕੁਮਾਰ ਨੇ ਪ੍ਰੈਸ ਨੋਟ ਰਾਹੀਂ ਪੰਜਾਬ ਸਰਕਾਰ ਨੂੰ ਕਹੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਸਾਰੇ ਮੰਤਰੀਆਂ ਅੱਗੇ ਅਪੀਲ ਹੈ ਕਿ ਇਸ ਨੂੰ ਛੇਤੀ ਖੋਲਿ੍ਹਆ ਜਾਵੇ ਤੇ ਵਿਦਿਆਰਥੀਆਂ ਨੂੰ ਸੁੱਖ ਦਾ ਸਾਹ ਦਿਵਾਇਆ ਜਾਵੇ। ਉਨ੍ਹਾਂ ਵਿਸ਼ੇਸ ਤੌਰ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਮਿਲ ਕੇ ਬੇਨਤੀ ਕੀਤੀ ਕਿ ਇਸ ਸਬੰਧੀ ਵਿਧਾਨ ਸਭਾ 'ਚ ਚਰਚਾ ਕੀਤੀ ਜਾਵੇ ਤਾਂ ਜੋ ਸਕਾਲਰਸ਼ਿਪ ਸਬੰਧੀ ਬੱਚਿਆਂ ਦੇ ਭਵਿੱਖ 'ਤੇ ਲਟਕ ਰਹੀ ਤਲਵਾਰ ਹੱਟ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਐਸਸੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੂੰ ਵੀ ਮਿਲ ਚੁੱਕੇ ਹਨ ਕਿਉਂਕਿ ਇਹ ਸਕੀਮ ਉਨ੍ਹਾਂ ਦੀ ਮਿਹਨਤ ਸਦਕਾ ਲਾਗੂ ਹੋਈ ਸੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕਈ ਵਾਰ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੂੰ ਵੀ ਫੋਨ 'ਤੇ ਜਾਣਕਾਰੀ ਦੇ ਚੁੱਕੇ ਹਨ ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਅਗਰ ਇਸੇ ਤਰ੍ਹਾਂ ਮਾਮਲਾ ਲਟਕਿਆ ਰਿਹਾ ਤਾਂ ਇਹ ਵਿਦਿਆਰਥੀ ਕਾਲਜਾਂ ਤੋਂ ਸੜਕਾਂ 'ਤੇ ਆ ਕੇ ਸਰਕਾਰ ਖ਼ਿਲਾਫ਼ ਰੋਸ ਮਾਰਚ ਕਰਨਗੇ।