ਮਨਦੀਪ ਸ਼ਰਮਾ, ਜਲੰਧਰ : ਅੰਮਿ੍ਰਤਸਰ ਬਾਈਪਾਸ ਅਜਿਹੀ ਸੜਕ ਹੈ, ਜਿੱਥੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਹਾਦਸੇ ਵੀ ਅਜਿਹੇ, ਜਿਨ੍ਹਾਂ 'ਚ ਲੋਕਾਂ ਦੀ ਆਪਣੀ ਲਾਪਰਵਾਹੀ ਜ਼ਿਆਦਾ ਹੁੰਦੀ ਹੈ। ਸ਼ੁੱਕਰਵਾਰ ਸ਼ਾਮ ਵੇਲੇ ਵੀ ਇਕ ਅਜਿਹਾ ਹੀ ਹਾਦਸਾ ਵਾਪਰਿਆ, ਜਿਸ 'ਚ ਖ਼ੁਸ਼ਕਿਮਸਤੀ ਨਾਲ ਮੋਟਰਸਾਈਕਲ ਸਵਾਰ ਦੀ ਜਾਨ ਬੱਚ ਗਈ। ਨਹੀਂ ਤਾਂ ਜਿਸ ਤਰ੍ਹਾਂ ਮੋਟਰਸਾਈਕਲ ਬੱਸ ਦੀ ਲਪੇਟ 'ਚ ਆਇਆ ਸੀ, ਮੋਟਰਸਾਈਕਲ ਸਵਾਰ ਦਾ ਬੱਚਣਾ ਅੌਖਾ ਹੀ ਸੀ। ਇਸ ਖ਼ੁਸ਼ਕਿਸਮਤ ਮੋਟਰਸਾਈਕਲ ਸਵਾਰ ਦੀ ਪਛਾਣ ਪ੍ਰਦੀਪ ਵਾਸੀ ਜਲੰਧਰ ਛਾਉਣੀ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਓਵਰਸੀਜ਼ ਬੈਂਕ 'ਚ ਨੌਕਰੀ ਕਰਨ ਵਾਲਾ ਪ੍ਰਦੀਪ ਮੋਟਰਸਾਈਕਲ (ਪੀਬੀ 08ਸੀ 5133) 'ਤੇ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਕਾਲੀਆ ਕਾਲੋਨੀ ਵਿਖੇ ਪੁਲੀ ਵਾਲੇ ਡਿਵਾਈਡਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਹੀ ਉਸ ਨੇ ਡਿਵਾਈਡਰ ਪਾਰ ਕੀਤਾ, ਉਸੇ ਵੇਲੇ ਅੰਮਿ੍ਰਤਸਰ ਤੋਂ ਚੰਡੀਗੜ੍ਹ ਜਾ ਰਹੀ ਨਿੱਜੀ ਕੰਪਨੀ ਦੀ ਬੱਸ (ਪੀਬੀ 65ਜ਼ੈਡ 5248) ਦੀ ਲਪੇਟ 'ਚ ਆ ਗਿਆ। ਹਾਦਸੇ 'ਚ ਉਸ ਦੇ ਮੋਢੇ, ਸਿਰ ਤੇ ਲੱਤ 'ਤੇ ਸੱਟ ਲੱਗ ਗਈ। ਉਸ ਨੂੰ ਨੇੜਲੇ ਕੈਮਿਸਟ ਕੋਲ ਲਿਜਾਇਆ ਗਿਆ, ਜਿੱਥੇ ਸਿਰ 'ਤੇ ਪੱਟੀ ਕਰਕੇ ਤੇ ਲੱਤ 'ਤੇ ਜ਼ਿਆਦਾ ਸੱਟ ਲੱਗੇ ਹੋਣ ਦੇ ਸ਼ੱਕ ਕਾਰਨ ਨਿੱਜੀ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ। ਹਾਦਸੇ ਕਾਰਨ ਨੈਸ਼ਨਲ ਹਾਈਵੇ 'ਤੇ ਲਗਪਗ ਅੱਧਾ ਘੰਟਾ ਜਾਮ ਲੱਗਾ ਰਿਹਾ।
- ਏਐਸਆਈ ਬਣੇ ਹੀਰੋ ਤੇ ਬੱਚੇ ਨੇ ਵਿਖਾਈ ਇਨਸਾਨੀਅਤ
ਘਟਨਾ ਦੀ ਸੂਚਨਾ ਮਿਲਦੇ ਹੀ ਮਹਿਜ਼ ਪੰਜ ਮਿੰਟ 'ਚ ਥਾਣਾ-8 ਦੇ ਏਐਸਆਈ ਸੁਖਜੀਤ ਸਿੰਘ ਮੌਕੇ 'ਤੇ ਪੁੱਜ ਗਏ। ਉਹ ਸੜਕ ਦੇ ਇਸ ਪਾਰ ਸਨ ਤੇ ਵਿਚਾਲੇ ਬਰਸਾਤੀ ਪਾਣੀ ਇਕੱਠਾ ਕਰਨ ਵਾਲੀ ਖਸਤਾਹਾਲ ਨਾਲੀ ਸੀ। ਹਾਲਾਂਕਿ ਨਾਲੀ 'ਤੇ ਸਲੈਬ ਪਈ ਹੋਈ ਸੀ ਪਰ ਜਿਵੇਂ ਹੀ ਏਐਸਆਈ ਉਸ 'ਤੇ ਚੜ੍ਹੇ ਤਾਂ ਸਲੈਬ ਟੁੱਟ ਗਈ। ਏਐਸਆਈ ਸੁਖਜੀਤ ਨੇ ਵਰਦੀ ਗੰਦੀ ਹੋਣ ਤੇ ਪੈਰ 'ਤੇ ਸੱਟ ਦੀ ਜ਼ਰਾ ਵੀ ਪਰਵਾਹ ਨਹੀਂ ਕੀਤੀ। ਲੋਕਾਂ ਨੇ ਹੱਥ ਵਧਾ ਕੇ ਉਨ੍ਹਾਂ ਨੂੰ ਨਾਲੇ 'ਚੋਂ ਬਾਹਰ ਕੱਢ ਲਿਆ। ਉਨ੍ਹਾਂ ਉਸੇ ਵੇਲੇ ਜ਼ਖ਼ਮੀ ਦੀ ਮਦਦ ਸ਼ੁਰੂ ਕਰ ਦਿੱਤੀ। ਪਹਿਲਾਂ ਉਹ ਉਸ ਨੂੰ ਨੇੜਲੇ ਕੈਮਿਸਟ ਕੋਲ ਲੈ ਗਏ, ਜਿੱਥੇ ਸਿਰ 'ਤੇ ਪੱਟੀ ਆਦਿ ਕਰਵਾ ਕੇ ਵੱਗ ਰਹੇ ਖ਼ੂਨ ਨੂੰ ਰੋਕਣ ਦਾ ਉਪਰਾਲਾ ਕੀਤਾ। ਇਸ ਤੋਂ ਬਾਅਦ ਭਾਰੀ ਭੀੜ 'ਚੋਂ ਕੱਢ ਕੇ ਐਂਬੂਲੈਂਸ ਤਕ ਪਹੁੰਚਾਇਆ। ਹਾਲਾਂਕਿ ਇਸ ਦੌਰਾਨ ਬਹੁਤ ਭੀੜ ਸੀ ਪਰ ਕੋਈ ਜ਼ਖ਼ਮੀ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ ਸੀ। ਇੰਨੇ 'ਚ ਸੁਰਿੰਦਰ ਨਾਂ ਦਾ ਇਕ ਨੌਜਵਾਨ ਤੇ ਸਾਈਕਲ 'ਤੇ ਆਇਆ ਇਕ ਬੱਚਾ ਅੱਗੇ ਆਇਆ। ਏਐਸਆਈ ਦੇ ਇਲਾਵਾ ਸੁਰਿੰਦਰ ਨੇ ਜ਼ਖ਼ਮੀ ਨੂੰ ਸਹਾਰਾ ਦਿੱਤਾ ਤੇ ਬੱਚੇ ਨੇ ਉਸ ਨੂੰ ਸਾਈਕਲ 'ਤੇ ਬਿਠਾ ਕੇ ਸੜਕ ਦੇ ਦੂਜੇ ਪਾਸੇ ਖੜ੍ਹੀ ਐਂਬੂਲੈਂਸ ਤਕ ਪਹੁੰਚਾਇਆ। ਇਸ ਦੇ ਇਲਾਵਾ 108 ਐਂਬੂਲੈਂਸ ਸਟਾਫ ਦੀ ਲਾਪਰਵਾਹੀ ਇਹ ਰਹੀ ਕਿ ਉਹ ਸੜਕ ਦੇ ਦੂਜੇ ਪਾਸੇ ਖੜ੍ਹੇ ਰਹੇ ਪਰ ਸਟ੫ੇਚਰ ਲੈ ਕੇ ਜ਼ਖ਼ਮੀ ਕੋਲ ਨਹੀਂ ਪੁੱਜੇ।