ਸੁਖਮਿੰਦਰ ਸਿੰਘ ਚੀਮਾ, ਵੈਨਕੂਵਰ : ਬੀਤੇ 3 ਅਕਤੂਬਰ ਵਾਲੇ ਦਿਨ ਸਾਨ ਫ੍ਰਾਂਸਿਸਕੋ ਨੇੜੇ ਓਕਲੈਂਡ ਸ਼ਹਿਰ ਵਿਚ 45 ਸਾਲਾ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਹਤਿਆਰੇ ਨੂੰ ਪੁਲਸ ਨੇ ਗਿ੍ਰਫਤਾਰ ਕਰ ਲਿਆ ਹੈ। ਆਈਸਯੀਮ ਵੇਚਣ ਵਾਲੇ ਜਸਬੀਰ ਸਿੰਘ ਨੂੰ ਪੀਚ ਸਟਰੀਟ ਉੱਪਰ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦ ਉਹ ਆਪਣੇ ਟਰੱਕ ਵਿਚ ਆਈਸਯੀਮ ਵੇਚ ਰਿਹਾ ਸੀ। ਪੁਲਸ ਨੇ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਪਿੱਛੋਂ ਜੋਇਵਨ ਲੋਪੇਜ਼ ਨੂੰ ਜਸਵੀਰ ਸਿੰਘ ਦਾ ਕਤਲ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਸੀ।
ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 23 ਸਾਲਾ ਲੋਪੇਜ਼ ਬਾਰੇ ਸੂਚਨਾ ਮਿਲਣ 'ਤੇ ਪੁਲਸ ਨੇ ਪੱਛਮੀ ਓਕਲੈਂਡ ਦੇ ਇਕ ਘਰ ਵਿਚੋਂ ਉਸ ਨੂੰ ਗਿ੍ਰਫਤਾਰ ਕਰ ਲਿਆ। ਜਸਵੀਰ ਸਿੰਘ ਕੈਲੇਫੋਰਨੀਆ ਦੇ ਮੈਰਿਸਵਿਲੇ ਦਾ ਰਹਿਣ ਵਾਲਾ ਸੀ ਅਤੇ ਇਕ ਬੇਟੀ ਦਾ ਪਿਤਾ ਸੀ। ਉਹ 17 ਸਾਲ ਪਹਿਲਾਂ ਅਮਰੀਕਾ ਆਇਆ ਸੀ। ਜਸਵੀਰ ਸਿੰਘ ਤਕਰੀਬਨ ਡੇਢ ਦਹਾਕੇ ਤੋਂ ਇਸੇ ਇਲਾਕੇ ਵਿਚ ਆਈਸਯੀਮ ਵੇਚਣ ਦਾ ਕੰਮ ਕਰਦਾ ਸੀ ਅਤੇ ਬੱਚਿਆਂ ਤੇ ਪਰਿਵਾਰਾਂ ਵਿਚ ਬਹੁਤ ਮਕਬੂਲ ਸੀ। ਓਕਲੈਂਡ ਦੇ ਮੇਅਰ ਲਿਬੀ ਸਕਾਫ ਨੇ ਜਸਵੀਰ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਸੀ।
ਜੋਇਵਨ ਲੋਪੇਜ਼ ਨੂੰ ਕਤਲ ਦੇ ਦੋਸ਼ ਹੇਠ ਚਾਰਜਸ਼ੀਟ ਕੀਤਾ ਗਿਆ ਹੈ ਅਤੇ ਉਸ ਨੂੰ ਅਲਾਮਡਾ ਕਾਊਂਟੀ ਦੀ ਡਿਸਟਿ੫ਕਟ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ। ਪੁਲਸ ਅਨੁਸਾਰ ਉਸਦਾ ਅਪਰਾਧੀ ਪਿਛੋਕੜ ਹੈ ਅਤੇ ਉਸ ਨੇ ਜਸਵੀਰ ਸਿੰਘ ਨੂੰ ਲੁੱਟਣ ਦੀ ਨੀਅਤ ਨਾਲ ਗੋਲੀ ਮਾਰੀ ਸੀ ਪਰ ਬਾਅਦ ਵਿਚ ਉਹ ਬਿਨ੍ਹਾਂ ਕਿਸੇ ਲੁੱਟ ਦੇ ਹੀ ਫਰਾਰ ਹੋ ਗਿਆ ਸੀ। ਜੇ ਉਹ ਦੋਸ਼ੀ ਸਿੱਧ ਹੋਇਆ ਤਾਂ ਉਸ ਨੂੰ ਜਸਵੀਰ ਸਿੰਘ ਦੇ ਕਤਲ ਲਈ ਪੂਰੀ ਜ਼ਿੰਦਗੀ ਜੇਲ੍ਹ ਵਿਚ ਕੱਟਣੀ ਪੈ ਸਕਦੀ ਹੈ।
----------
ਕਾਰ ਨਾਲ ਜਾਨ ਲੈਣ ਵਾਲਾ ਕੈਲੀ ਫੜਿਆ ਗਿਆ
ਵੈਨਕੂਵਰ : ਇਕ 30 ਸਾਲਾ ਵਿਅਕਤੀ ਨੂੰ ਪਟਕਾ ਕੇ ਮਾਰਨ ਵਾਲੇ ਲਿਵਿੰਗਸਟੋਨ ਸ਼ਹਿਰ ਦੇ ਪੰਜਾਬੀ ਨੂੰ ਕੈਲੇਫੋਰਨੀਆ ਹਾਈਵੇ ਪੈਟਰੋਲ ਨੇ ਹਿੱਟ ਐਂਡ ਰਨ ਦੇ ਦੋਸ਼ ਹੇਠ ਗਿ੍ਰਫਤਾਰ ਕਰ ਲਿਆ ਹੈ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 30 ਸਾਲਾ ਸ਼ਰਨਜੀਤ ਸਿੰਘ ਕੈਲੀ ਮਰਸਡ ਟਾਊਨ ਵਿਖੇ ਐਸ਼ਬੀ ਰੋਡ 'ਤੇ ਹਾਈਵੇ ਵੱਲ ਆਪਣੀ ਹੋਂਡਾ ਕਾਰ ਵਿਚ ਸਵਾਰ ਹੋ ਕੇ ਆ ਰਿਹਾ ਸੀ। ਉਦੋਂ ਉਸ ਨੇ ਸੜਕ ਪਾਰ ਕਰ ਰਹੇ ਸ਼ਾਨ ਪੈਟਰਿਕ ਬਰਨ ਨੂੰ ਪਟਕਾ ਕੇ ਸੁੱਟ ਦਿੱਤਾ ਅਤੇ ਆਪ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਪੈਟਰਿਕ ਬਰਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਸ਼ਮਦੀਦ ਗਵਾਹਾਂ ਵੱਲੋਂ ਕੈਲੀ ਦੀ ਕਾਰ ਦੀ ਸ਼ਨਾਖਤ ਕੀਤੇ ਜਾਣ ਪਿੱਛੋਂ ਉਸ ਨੂੰ ਉਸਦੇ ਲਿਵਿੰਗ ਸਟੋਨ ਸਥਿਤ ਘਰ ਤੋਂ ਗਿ੍ਰਫਤਾਰ ਕਰ ਲਿਆ ਗਿਆ। ਸ਼ਰਨਜੀਤ ਸਿੰਘ ਕੈਲੀ ਨੂੰ ਹਿੱਟ ਐਂਡ ਰਨ ਅਤੇ ਹੱਤਿਆ ਦੇ ਦੋਸ਼ ਹੇਠ ਚਾਰਜਸ਼ੀਟ ਕਰਕੇ ਮਰਸਡ ਕਾਊਂਟੀ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸਦੀ ਜ਼ਮਾਨਤ ਲਈ ਸੁਣਵਾਈ ਸੋਮਵਾਰ 19 ਨਵੰਬਰ ਨੂੰ ਹੋਵੇਗੀ।