ਵਾਸ਼ਿੰਗਟਨ (ਏਜੰਸੀ) : ਤਣਾਅ ਕਾਰਨ ਸਿਹਤ 'ਤੇ ਅਸਿੱਧੇ ਹੀ ਨਹੀਂ, ਸਿੱਧੇ ਅਤੇ ਗੰਭੀਰ ਪ੍ਰਭਾਵ ਵੀ ਪੈਂਦੇ ਹਨ। ਤਾਜ਼ਾ ਖੋਜ ਮੁਤਾਬਕ ਤਣਾਅ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਜਾਂ ਖਦਸ਼ੇ ਨਾਲ ਿਘਰੇ ਰਹਿਣ ਵਾਲਿਆਂ ਵਿਚ ਫੇਫੜਿਆਂ ਦੀ ਕਾਰਜਪ੍ਰਣਾਲੀ 'ਤੇ ਅਸਰ ਪੈਂਦਾ ਹੈ ਅਤੇ ਅਸਥਮਾ ਦੇ ਲੱਛਣ ਵਧ ਜਾਂਦੇ ਹਨ।
ਖੋਜਾਰਥੀਆਂ ਦਾ ਕਹਿਣਾ ਹੈ ਕਿ ਤਣਾਅ ਘੱਟ ਕਰਨ ਲਈ ਦਿੱਤਾ ਜਾਣ ਵਾਲਾ ਇਲਾਜ ਅਸਥਮਾ ਦੇ ਮਰੀਜ਼ਾਂ ਨੂੰ ਫੇਫੜੇ ਦੀ ਬਿਮਾਰੀ ਨਾਲ ਨਜਿੱਠਣ ਵਿਚ ਸਹਾਇਤਾ ਕਰ ਸਕਦਾ ਹੈ। ਇਸ ਖੋਜ ਮੁਤਾਬਕ ਜਦ ਵਿਅਕਤੀ ਨੂੰ ਤਣਾਅ ਦੇ ਨਾਲ ਅਸਥਮਾ ਦੀ ਪਰੇਸ਼ਾਨੀ ਵੀ ਹੁੰਦੀ ਹੈ ਤਾਂ ਸਥਿਤੀ ਜ਼ਿਆਦਾ ਜਟਿਲ ਅਤੇ ਖਤਰਨਾਕ ਹੋ ਜਾਂਦੀ ਹੈ। ਅਜਿਹੇ ਮਰੀਜ਼ਾਂ ਨੂੰ ਅਸਥਮਾ 'ਤੇ ਕਾਬੂ ਪਾਉਣ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕਾ ਦੀ ਸਿਨਸਿਨਾਟੀ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਕਾਲਜ ਦੇ 101 ਅਜਿਹੇ ਬੱਚਿਆਂ ਨੂੰ ਖੋਜ ਵਿਚ ਸ਼ਾਮਲ ਕੀਤਾ ਜਿਨ੍ਹਾਂ ਨੂੰ ਅਸਥਮਾ ਦੀ ਸ਼ਿਕਾਇਤ ਸੀ। ਖੋਜ ਦੌਰਾਨ ਉਲਟ ਹਾਲਾਤ ਵਿਚ ਜ਼ਿਆਦਾ ਸੰਵੇਦਨਸ਼ੀਲ ਜਾਂ ਸ਼ੱਕ ਕਰਨ ਵਾਲਿਆਂ ਵਿਚ ਹੋਰਾਂ ਦੀ ਤੁਲਨਾ ਵਿਚ ਅਸਥਮਾ ਦੇ ਲੱਛਣ ਗੰਭੀਰ ਮਿਲੇ।
-------
ਪੋਟਾਸ਼ੀਅਮ ਨਾਲ ਡਾਇਬਟੀਜ਼ ਪੀੜਤਾਂ ਨੂੰ ਲਾਭ
ਟੋਕੀਓ (ਆਈਏਐਨਐਸ) : ਡਾਇਬਟੀਜ਼ ਤੋਂ ਪੀੜਤ ਲੋਕਾਂ ਵਿਚ ਸਮੇਂ ਦੇ ਨਾਲ ਦਿਲ ਅਤੇ ਕਿਡਨੀ ਨਾਲ ਜੁੜੀਆਂ ਬਿਮਾਰੀਆਂ ਵਧਣ ਦਾ ਖਤਰਾ ਰਹਿੰਦਾ ਹੈ। ਖੋਜ ਮੁਤਾਬਕ ਖਾਣ ਵਿਚ ਪੋਟਾਸ਼ੀਅਮ ਯੁਕਤ ਖੁਰਾਕੀ ਪਦਾਰਥ ਦਾ ਇਸਤੇਮਾਲ ਕਰਨ ਨਾਲ ਇਸ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਟਾਈਪ-2 ਡਾਇਬਟੀਜ਼ ਪੀੜਤਾਂ ਵਿਚ ਕਿਡਨੀ ਤੇ ਦਿਲ ਦੀਆਂ ਬਿਮਾਰੀਆਂ ਅਤੇ ਸੋਡੀਅਮ ਅਤੇ ਪੋਟਾਸ਼ੀਅਮ ਦੇ ਸੇਵਨ ਵਿਚਾਲੇ ਸਬੰਧ ਜਾਣਨ ਲਈ ਇਹ ਖੋਜ ਕੀਤੀ ਗਈ। ਜਾਪਾਨ ਦੀ ਸ਼ਿਗਾ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਦੇ ਸ਼ਿਨ ਇਚੀ ਅਰਾਕੀ ਅਤੇ ਉਨ੍ਹਾਂ ਦੇ ਸਾਥੀਆਂ ਨੇ 623 ਡਾਇਬਟੀਜ਼ ਮਰੀਜ਼ਾਂ 'ਤੇ ਅਧਿਐਨ ਕੀਤਾ। ਮਰੀਜ਼ਾਂ ਨੂੰ 1996 ਤੋਂ 2003 ਤਕ ਪ੍ਰੀਖਣ ਵਿਚ ਰੱਖਿਆ ਗਿਆ ਅਤੇ 2013 ਤਕ ਉਨ੍ਹਾਂ ਨਾਲ ਸਬੰਧਤ ਅੰਕੜੇ ਲਏ ਗਏ। ਇਸਦੇ ਮੁਤਾਬਕ ਅਜਿਹੇ ਲੋਕ ਜਿਨ੍ਹਾਂ ਦੇ ਭੋਜਨ ਵਿਚ ਪੋਟਾਸ਼ੀਅਮ ਦੀ ਮਾਤਰਾ ਵੱਧ ਸੀ, ਸਮੇਂ ਦੇ ਨਾਲ ਉਨ੍ਹਾਂ ਦੀ ਕਿਡਨੀ ਦੀ ਕਾਰਜਪ੍ਰਣਾਲੀ ਵਿਚ ਗਿਰਾਵਟ ਦੀ ਦਰ ਬਹੁਤ ਘੱਟ ਰਹੀ। ਅਜਿਹੇ ਲੋਕਾਂ ਵਿਚ ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ਵੀ ਘੱਟ ਮਿਲੇ।