-ਮਜਬੂਰੀ 'ਚ ਸਕੂਲ ਦਾ ਗੇਟ ਕੀਤਾ ਗਿਆ ਬੰਦ
-ਗੰਦਗੀ ਦੇ ਢੇਰ ਦੀ ਬਦਬੂ ਵਿਗਾੜ ਰਹੀ ਸਕੂਲ ਦਾ ਵਾਤਾਵਰਣ
ਧਰਮਵੀਰ ਸਿੰਘ ਮਲਹਾਰ, ਤਰਨਤਾਰਨ
ਆਰੀਆ ਗਰਲਜ਼ ਸਕੂਲ ਦੇ ਗੇਟ ਅੱਗੇ ਲੱਗਾ ਕੂੜੇ ਦਾ ਢੇਰ ਅੱਜ ਜਾਂ ਕੱਲ੍ਹ ਦਾ ਨਹੀਂ ਬਲਕਿ ਇਕ ਸਾਲ ਪੁਰਾਣਾ ਹੈ। ਸਕੂਲ ਦੀ ਮੈਨੇਜਮੈਂਟ ਵੀ ਇਸ ਕੂੜੇ ਦੇ ਢੇਰ ਦੀ ਜਿਦ ਤੋਂ ਹਾਰ ਚੁੱਕੀ ਹੈ ਕਿਉਂਕਿ ਕਈ ਪੱਤਰ ਲਿਖਣ ਦੇ ਬਾਵਜੂਦ ਇਹ ਢੇਰ ਨਗਰ ਕੌਂਸਲ ਵੱਲੋਂ ਨਹੀਂ ਚੁੱਕਿਆ ਗਿਆ। ਆਖਰ ਮੈਨੇਜਮੈਂਟ ਨੇ ਸਕੂਲ ਦਾ ਗੇਟ ਹੀ ਬੰਦ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਰੀਆ ਗਰਲਜ਼ ਹਾਈ ਸਕੂਲ ਨੂੰ ਦੋ ਰਸਤੇ ਜਾਂਦੇ ਹਨ। ਇਕ ਰਸਤਾ ਬੋਹੜੀ ਚੌਂਕ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਬਾਜ਼ਾਰ 'ਚ ਅਤੇ ਦੂਸਰਾ ਰਸਤਾ ਬੋਹੜੀ ਚੌਂਕ ਬਾਜ਼ਾਰ ਤੋਂ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਅਸਥਾਨ (ਸਰਾਂ) ਨੂੰ ਜਾਣ ਵਾਲਾ ਰਸਤਾ ਹੈ। ਇਸ ਰਸਤੇ ਦੇ ਆਲੇ ਦੁਆਲੇ ਕੁਝ ਇਹੋ ਜਿਹੇ ਘਰ ਹਨ, ਜੋ ਚੋਣਾਂ ਦੇ ਦੌਰ ਵਿਚ ਸੱਤਾਧਾਰੀ ਪਾਰਟੀ ਦੇ ਲੀਡਰਾਂ ਨਾਲ ਆਪਣੇ ਹੱਥ ਮਿਲਾਉਂਦੇ ਹਨ। ਇਨ੍ਹਾਂ ਘਰਾਂ ਦਾ ਕੂੜਾ ਕਰਕਟ ਤੇ ਗੰਦਗੀ ਸਕੂਲ ਦੇ ਗੇਟ ਅੱਗੇ ਸੁੱਟਿਆ ਜਾਂਦਾ ਹੈ। ਕੂੜੇ ਦੇ ਇਸ ਢੇਰ ਤੋਂ ਨਿਜ਼ਾਤ ਪਾਉਣ ਲਈ ਸਕੂਲ ਪਿ੍ਰੰਸੀਪਲ ਵੱਲੋਂ ਨਗਰ ਕੌਂਸਲ ਨੂੰ ਕਈ ਵਾਰ ਪੱਤਰ ਲਿਖੇ ਗਏ ਪ੍ਰੰਤੂ ਇਹ ਢੇਰ ਉਸੇ ਤਰ੍ਹਾਂ ਹੀ ਲੱਗੇ ਹਨ।
ਕੂੜੇ ਦੇ ਢੇਰਾਂ 'ਤੇ ਸਿਆਸਤ ਕਰਨ ਵਾਲੇ ਸਿਆਸਤਦਾਨ ਜਿੱਤ ਗਏ ਤੇ ਸਕੂਲ ਮੈਨੇਜਮੈਂਟ ਹਾਰ ਗਈ। ਇਸ ਤੋਂ ਦੁਖੀ ਹੋ ਕੇ ਸਕੂਲ ਦੇ ਇਸ ਗੇਟ ਨੂੰ ਬੰਦ ਕਰ ਦਿੱਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨਰੇਸ਼ ਅਗਰਵਾਲ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੂੜੇ ਦੇ ਇਹ ਢੇਰ ਸਕੂਲ ਦੇ ਵਾਤਾਵਰਣ ਨੂੰ ਖਰਾਬ ਕਰ ਰਹੇ ਹਨ। ਇਸ ਲਈ ਗੇਟ ਹੀ ਬੰਦ ਕਰ ਦਿੱਤਾ ਗਿਆ। ਸਕੂਲ ਵਿਦਿਆਰਥਣਾਂ ਪਵਨਪ੍ਰੀਤ ਕੌਰ, ਕੁਲਜੀਤ ਕੌਰ, ਜਤਿੰਦਰ ਕੌਰ, ਹਰਵਿੰਦਰ ਕੌਰ, ਅਤੇ ਪੂਨਮ ਨੇ ਕਿਹਾ ਕਿ ਕੂੜੇ ਤੇ ਗੰਦਗੀ ਦੇ ਢੇਰਾਂ ਦੀ ਬਦਬੂ ਸਕੂਲ ਦੇ ਮਾਹੌਲ ਵਿਗਾੜਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਪੜਾਈ ਕਰਨ ਸਮੇਂ ਕਾਫੀ ਮੁਸ਼ਕਲ ਆਉਂਦੀ ਹੈ। ਰਾਹਗੀਰ ਜੱਸਾ ਸਿੰਘ, ਮਹਿੰਦਰਪਾਲ ਸਿੰਘ ਢੋਟੀਆ, ਕਰਨਬੀਰ ਸਿੰਘ, ਰਾਮ ਸਿੰਘ, ਜਤਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਸਿੱਖਿਆ ਦੇ ਮੰਦਰ ਦੇ ਬਾਹਰ ਕੂੜੇ ਦਾ ਲੱਗਾ ਢੇਰ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਫੂਕ ਕੱਢ ਰਿਹਾ ਹੈ।
ਬਾਕਸ - ਲੋਕਾਂ ਦੀ ਮੰਗ 'ਤੇ ਬਣਾਇਆ ਗਿਆ ਡੰਪ : ਖੇੜਾ
ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਦਾ ਕਹਿਣਾ ਹੈ ਕਿ ਇਲਾਕੇ ਦੇ ਲੋਕਾਂ ਦੀ ਮੰਗ 'ਤੇ ਇਥੇ ਕੂੜੇ ਦਾ ਡੰਪ ਆਰਜ਼ੀ ਤੌਰ 'ਤੇ ਬਣਾਇਆ ਗਿਆ ਹੈ। ਨਗਰ ਕੌਂਸਲ ਕਰਮਚਾਰੀਆਂ ਨੂੰ ਆਦੇਸ਼ ਵੀ ਦਿੱਤਾ ਗਿਆ ਹੈ ਕਿ ਇਥੋਂ ਦੀ ਸਫਾਈ ਰੋਜ਼ਾਨਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਦਾ ਵਾਤਾਵਰਣ ਖਰਾਬ ਨਾ ਹੋਵੇ ਇਸ ਲਈ ਕੂੜੇ ਦੇ ਢੇਰਾਂ ਨੂੰ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ।
ਬਾਕਸ - ਅਧਿਕਾਰੀਆਂ ਨੂੰ ਆਪਣੀ ਜ਼ਿੰਮੇਦਾਰੀ ਦਾ ਪਾਲਣ ਕਰਨਾ ਚਾਹੀਦਾ : ਐਸਡੀਐਮ
ਐਸਡੀਐਮ ਡਾ. ਅਨੂਪ੍ਰੀਤ ਕੌਰ ਦਾ ਕਹਿਣਾ ਹੈ ਕਿ ਸਕੂਲ ਗੇਟ ਦੇ ਬਾਹਰ ਕੂੜੇ ਦੇ ਢੇਰ ਉਚਿਤ ਨਹੀਂ ਹਨ। ਇਹ ਮਾਮਲਾ ਹੁਣੇ ਧਿਆਨ ਵਿਚ ਆਇਆ ਹੈ। ਇਸ ਢੇਰ ਤੋਂ ਸਕੂਲ ਨੂੰ ਨਿਜ਼ਾਤ ਦਿਵਾਉਣ ਲਈ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਆਪਣੀ ਜ਼ਿੰਮੇਦਾਰੀ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਤੋਂ ਕੂੜੇ ਦੇ ਢੇਰਾਂ ਨੂੰ ਨਾ ਚੁੱਕੇ ਜਾਣ ਬਾਰੇ ਰਿਪੋਰਟ ਲਈ ਜਾਵੇਗੀ।