-ਜਨਮ ਦੇ ਤੁਰੰਤ ਬਾਅਦ ਕਰ ਦਿੰਦੀ ਸੀ ਕਤਲ
ਬਰਲਿਨ (ਆਈਏਐਨਐਸ) : ਇਕ ਜਰਮਨ ਅੌਰਤ ਨੇ ਆਪਣੇ ਕਈ ਬੱਚਿਆਂ ਦੀ ਹੱਤਿਆ ਕਰਨ ਦੀ ਗੱਲ ਕਬੂਲ ਲਈ ਹੈ। ਸ਼ਨਿਚਰਵਾਰ ਨੂੰ ਗਿ੍ਰਫਤਾਰ ਕੀਤੀ ਅੌਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਜਨਮ ਦੇ ਤੁਰੰਤ ਬਾਅਦ ਹੀ ਬੱਚਿਆਂ ਦੀ ਹੱਤਿਆ ਕਰ ਦਿੰਦੀ ਸੀ। ਨਿਊਜ਼ ਏਜੰਸੀ ਏਫੇ ਮੁਤਾਬਕ ਜਰਮਨੀ ਦੇ ਬਵੇਰੀਆ ਸੂਬੇ ਵਿਚ ਇਕ ਘਰ ਤੋਂ 8 ਬੱਚਿਆਂ ਦੀਆਂ ਲਾਸ਼ਾਂ ਦੀ ਰਹਿੰਦ-ਖੂੰਹਦ ਮਿਲੀ ਸੀ ਜਿੱਥੇ ਇਹ 45 ਸਾਲਾ ਅੌਰਤ ਰਹਿੰਦੀ ਸੀ। ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਇਨ੍ਹਾਂ ਬੱਚਿਆਂ ਦੀ ਮਾਂ ਸੀ। ਅੌਰਤ ਦੀ ਗਿ੍ਰਫਤਾਰੀ ਕਈ ਕਤਲਾਂ ਵਿਚ ਸ਼ੱਕ ਦੇ ਆਧਾਰ 'ਤੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੀਤੀ ਗਈ ਹੈ। ਅੌਰਤ ਬਾਵੇਰੀਆ ਦੇ ਛੋਟੇ ਜਿਹੇ ਸ਼ਹਿਰ ਵਾਲੇਨਫੇਲਜ਼ ਵਿਚ ਰਹਿੰਦੀ ਸੀ ਜਿੱਥੋਂ ਬੱਚਿਆਂ ਦੀਆਂ ਲਾਸ਼ਾਂ ਦੀ ਰਹਿੰਦ-ਖੂੰਹਦ ਮਿਲੀ ਹੈ। ਲਾਸ਼ਾਂ ਨੂੰ ਤੌਲੀਏ ਅਤੇ ਪਲਾਸਟਿਕ ਦੇ ਥੈਲਿਆਂ ਵਿਚ ਬੰਦ ਕਰਕੇ ਸੁੱਟਿਆ ਹੋਇਆ ਸੀ। ਇਹ ਮਾਮਲਾ ਵੀਰਵਾਰ ਨੂੰ ਉਦੋਂ ਉਜਾਗਰ ਹੋਇਆ ਜਦ ਇਕ ਗੁਆਂਢੀ ਨੇ ਮਨੁੱਖੀ ਸਰੀਰਾਂ ਦੀ ਰਹਿੰਦ-ਖੂੰਹਦ ਦੇਖੀ ਜੋ ਉਨ੍ਹਾਂ 8 ਬੱਚਿਆਂ ਦੀ ਨਿਕਲੀ। ਹਾਲਾਂਕਿ ਅਜੇ ਤਕ ਨਾ ਤਾਂ ਬੱਚਿਆਂ ਦੇ ਲਿੰਗ ਤੇ ਨਾ ਹੀ ਇਸ ਬਾਰੇ ਪਤਾ ਲੱਗ ਸਕਿਆ ਹੈ ਕਿ ਉਨ੍ਹਾਂ ਦਾ ਕਤਲ ਕਦ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਦੀ ਰਹਿੰਦ-ਖੂੰਹਦ ਬੇਹੱਦ ਖਰਾਬ ਸਥਿਤੀ ਵਿਚ ਸੀ। ਅੌਰਤ ਨੇ ਦੱਸਿਆ ਕਿ ਇਕ ਵਾਰ ਨਸ਼ੇ ਦੀ ਹਾਲਤ ਵਿਚ ਪਤੀ ਨਾਲ ਕਿਹਾ-ਸੁਣੀ ਦੌਰਾਨ ਉਸਨੇ ਦੱਸਿਆ ਸੀ ਕਿ ਉਸ ਨੇ ਕਿਵੇਂ ਘਰ ਵਿਚ ਹੀ ਬੱਚਿਆਂ ਦੀਆਂ ਲਾਸ਼ਾਂ ਲੁਕਾ ਕੇ ਰੱਖੀਆਂ ਹਨ।