ਜੇਐੱਨਐੱਨ, ਜਲੰਧਰ : ਮਕਸੂਦਾਂ ਪੁਲਿਸ ਥਾਣੇ 'ਚ ਹਥਗੋਲ਼ਾ ਸੁੱਟ ਕੇ ਧਮਾਕਾ ਕਰਵਾਉਣ ਵਾਲੇ ਜੈਸ਼-ਏ-ਮੁਹੰਮਦ ਨਾਲ ਜੁੜੀ ਅੱਤਵਾਦੀ ਜਮਾਤ ਅੰਸਾਰ ਗਜਾਵਤ ਉਲ ਹਿੰਦ ਦੇ ਅੱਤਵਾਦੀ ਜ਼ਾਕਿਰ ਮੂਸਾ ਦੇ ਸੱਜੇ ਹੱਥ ਆਮਿਰ ਨਾਜ਼ੀਰ ਮੀਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਜੰਮੂ ਕਸ਼ਮੀਰ 'ਚ ਪੁਲਵਾਮਾ ਦੇ ਅਵੰਤੀਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਆਮਿਰ ਨੇ ਹੀ ਅੱਤਵਾਦੀ ਮੂਸਾ ਦੇ ਕਹਿਣ 'ਤੇ ਮਕਸੂਦਾਂ ਥਾਣੇ 'ਚ ਧਮਾਕਾ ਕਰਨ ਲਈ ਹਥਗੋਲ਼ਾ ਖ਼ਰੀਦ ਕੇ ਉਨ੍ਹਾਂ ਨੂੰ ਸੁੱਟਣ ਵਾਲਿਆਂ ਤਕ ਪਹੁੰਚਾਇਆ ਸੀ। ਐੱਨਆਈਏ ਦੇ ਬੁਲਾਰੇ ਮੁਤਾਬਕ ਥਾਣੇ 'ਚ ਧਮਾਕਾ ਕਰਨ ਵਾਲੇ ਚਾਰ ਮੁਲਜ਼ਮਾਂ ਤੇ ਅੱਤਵਾਦੀ ਜ਼ਾਕਿਰ ਮੂਸਾ ਵਿਚਾਲੇ ਅੱਤਵਾਦੀ ਮੀਰ ਹੀ ਸਰਗਰਮ ਕੜੀ ਸੀ। ਇਹ ਮਾਮਲਾ ਪਹਿਲਾਂ ਜਲੰਧਰ ਪੁਲਿਸ ਕੋਲ ਸੀ ਪਰ ਬਾਅਦ 'ਚ ਇਸ ਨੂੰ ਐੱਨਆਈਏ ਦੇ ਹਵਾਲੇ ਕਰ ਦਿੱਤਾ ਗਿਆ ਸੀ। ਮਾਮਲੇ ਦੀ ਸੁਣਵਾਈ ਹੁਣ ਮੋਹਾਲੀ ਸਥਿਤ ਐੱਨਆਈਏ ਦੀ ਵਿਸ਼ੇਸ਼ ਅਦਾਲਤ 'ਚ ਚੱਲ ਰਹੀ ਹੈ।
ਦੋ ਅੱਤਵਾਦੀ ਮਾਰੇ ਗਏ, ਦੋ ਵਿਦਿਆਰਥੀ ਜੇਲ੍ਹ 'ਚ, ਬਚਿਆ ਸਿਰਫ ਮੂਸਾ
ਮਕਸੂਦਾਂ ਪੁਲਿਸ ਥਾਣੇ 'ਚ 14 ਸਤੰਬਰ ਨੂੰ ਹਥਗੋਲ਼ੇ ਨਾਲ ਧਮਾਕੇ ਕੀਤੇ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਸੇਂਟ ਸੋਲਜਰ 'ਚ ਪੜ੍ਹਨ ਵਾਲੇ ਦੋ ਕਸ਼ਮੀਰੀ ਵਿਦਿਆਰਥੀਆਂ ਸ਼ਾਹਿਦ ਕਿਊਮ ਤੇ ਫਾਜ਼ਿਲ ਬਸ਼ੀਰ ਪਿੰਛੂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਤੋਂ ਪੁੱਛ-ਪੜਤਾਲ ਤੋਂ ਬਾਅਦ ਜਾਂਚ ਏਜੰਸੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਕਸ਼ਮੀਰੀ ਅੱਤਵਾਦੀ ਰਊਫ਼ ਅਹਿਮਦ ਅਤੇ ਮੀਰ ਉਮਰ ਰਮਜ਼ਾਨ ਉਰਫ਼ ਗਾਜ਼ੀ ਨਾਲ ਮਿਲ ਕੇ ਮਕਸੂਦਾਂ ਥਾਣੇ 'ਚ ਗ੍ਰਨੇਡ ਸੁੱਟੇ ਸਨ। ਇਸ ਹਮਲੇ ਤੋਂ ਬਾਅਦ ਰਊਫ਼ ਤੇ ਗਾਜ਼ੀ ਕਸ਼ਮੀਰ ਭੱਜ ਗਏ ਸਨ। ਇਹ ਧਮਾਕਾ ਅੱਤਵਾਦੀ ਜਮਾਤ ਅੰਸਾਰ ਗਜਾਵਤ ਉਲ ਹਿੰਦ ਦੇ ਸਰਗਨੇ ਜ਼ਾਕਿਰ ਰਸ਼ੀਦ ਭੱਟ ਉਰਫ਼ ਜ਼ਾਕਿਰ ਮੂਸਾ ਅਤੇ ਉਸ ਦੇ ਸੱਜੇ ਹੱਥ ਆਮਿਰ ਜਲਾਲ ਦੀ ਰਚੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਅੰਸਾਰ ਗਜਾਵਤ ਉਲ ਹਿੰਦ ਜਮਾਤ ਜੈਸ਼-ਏ-ਮੁਹੰਮਦ ਨਾਲ ਵੀ ਜੁੜੀ ਹੋਈ ਹੈ। ਬੀਤੇ ਸਾਲ 22 ਦਸੰਬਰ ਨੂੰ ਰਊਫ਼ ਤੇ ਗਾਜ਼ੀ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਅਵੰਤੀਪੁਰਾ 'ਚ ਮੁਕਾਬਲੇ ਦੌਰਾਨ ਮਾਰ ਮੁਕਾਇਆ। ਹੁਣ ਆਮਿਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਕੇਸ 'ਚ ਸਿਰਫ ਅੱਤਵਾਦੀ ਜ਼ਾਕਿਰ ਮੂਸਾ ਹੀ ਗ੍ਰਿਫ਼ਤਾਰੀ ਤੋਂ ਬਚਿਆ ਹੋਇਆ ਹੈ।
ਛੇਤੀ ਹੋ ਸਕਦੈ ਚਲਾਨ ਪੇਸ਼
ਮਕਸੂਦਾਂ ਪੁਲਿਸ ਥਾਣੇ 'ਚ ਧਮਾਕੇ ਕਰਨ ਦੇ ਮਾਮਲੇ 'ਚ ਐੱਨਆਈਏ ਨੇ ਹਾਲੇ ਤਕ ਵਿਸ਼ੇਸ਼ ਅਦਾਲਤ 'ਚ ਚਲਾਨ ਪੇਸ਼ ਨਹੀਂ ਕੀਤਾ ਹੈ। ਨਿਯਮਾਂ ਮੁਤਾਬਕ 90 ਦਿਨ ਦੇ ਅੰਦਰ ਚਲਾਨ ਪੇਸ਼ ਕਰਨਾ ਹੁੰਦਾ ਹੈ ਪਰ ਕੁਝ ਸਮਾਂ ਪਹਿਲਾਂ ਹੋਈ ਸੁਣਵਾਈ 'ਚ ਐੱਨਆਈਏ ਨੇ ਇਸ 'ਚ 'ਐਕਸਪਲੋਜਿਵ ਐਕਟ ਦੀ ਦਲੀਲ ਦਿੱਤੀ ਸੀ, ਜਿਸ 'ਚ 180 ਦਿਨ ਦਾ ਵਕਤ ਦਿੱਤਾ ਜਾਂਦਾ ਹੈ। ਅਦਾਲਤ ਨੇ ਐੱਨਆਈਏ ਦੀ ਅਪੀਲ ਨੂੰ ਮਨਜ਼ੂਰ ਕਰਦਿਆਂ ਇਹ ਸਮਾਂ ਦੇ ਦਿੱਤਾ ਸੀ। ਕਸ਼ਮੀਰੀ ਵਿਦਿਆਰਥੀ ਦੇ ਵਕੀਲ ਕੇਐੱਸ ਹੁੰਦਲ ਨੇ ਕਿਹਾ ਕਿ ਐੱਨਆਈਏ ਨੇ ਛੇ ਮਹੀਨੇ ਦਾ ਸਮਾਂ ਲੈ ਲਿਆ ਸੀ, ਇਸ ਕਾਰਨ ਹਾਲੇ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ।
ਚਲਾਨ ਨਾਲ ਇਨ੍ਹਾਂ ਦੀ ਸਥਿਤੀ ਹੋਵੇਗੀ ਸਪੱਸ਼ਟ
ਮਕਸੂਦਾਂ ਧਮਾਕੇ ਤੋਂ ਕੁਝ ਹਫ਼ਤੇ ਬਾਅਦ ਪੁਲਿਸ ਨੇ ਸ਼ਾਹਕੋਟ ਸਥਿਤ ਸੀਟੀ ਇੰਸਟੀਚਿਊਟ ਦੇ ਹੋਸਟਲ 'ਚ ਅੱਧੀ ਰਾਤ ਨੂੰ ਛਾਪੇਮਾਰੀ ਕਰ ਕੇ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ 'ਚ ਅੱਤਵਾਦੀ ਜ਼ਾਕਿਰ ਮੂਸਾ ਦੇ ਚਚੇਰੇ ਭਰਾ ਯਾਸਿਰ ਰਫੀਕ ਭੱਟ ਨਾਲ ਮੁਹੰਮਦ ਇਦਰੀਸ਼ ਸ਼ਾਹ ਤੇ ਜ਼ਾਕਿਰ ਗੁਲਜ਼ਾਰ ਸ਼ਾਮਲ ਸਨ। ਇਹ ਤਿੰਨ ਫਿਲਹਾਲ ਕਪੂਰਥਲਾ ਜੇਲ੍ਹ 'ਚ ਹਨ। ਗ੍ਰਿਫ਼ਤਾਰੀ ਵੇਲੇ ਇਨ੍ਹਾਂ ਤੋਂ ਪੁਲਿਸ ਨੇ ਇਕ ਕਿੱਲੋ ਆਰਡੀਐੱਕਸ, ਏਕੇ 47 ਅਤੇ ਹੈਰੋਇਨ ਫੜੇ ਜਾਣ ਦਾਅਵਾ ਕੀਤਾ ਸੀ। ਹਾਲਾਂਕਿ ਇਹ ਜਾਣਕਾਰੀ ਸਾਰੀ ਬਰਾਮਦਗੀ ਇੰਸਟੀਚਿਊਟ ਦੇ ਹੋਸਟਲ ਦੇ ਕਮਰਾ ਨੰ. 94 'ਚੋਂ ਹੋਈ ਸੀ। ਉਸ ਵੇਲੇ ਪੁਲਿਸ ਦਾ ਕਹਿਣਾ ਸੀ ਕਿ ਜੰਮੂ-ਕਸ਼ਮੀਰ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਇਹ ਪਤਾ ਲੱਗਾ ਕਿ ਇਹ ਲੋਕ ਅੱਤਵਾਦੀ ਜ਼ਾਕਿਰ ਮੂਸਾ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੇ ਧਮਾਕਾਖੇਜ਼ ਸਮੱਗਰੀ ਤੇ ਹਥਿਆਰ ਅੰਮ੍ਰਿਤਸਰ 'ਚ ਮੁਹੱਈਆ ਕਰਵਾਏ ਸਨ। ਇਨ੍ਹਾਂ ਦਾ ਇਸ ਕੇਸ 'ਚ ਕੀ ਸਬੰਧ ਹੈ? ਇਸ ਬਾਰੇ 'ਚ ਵੀ ਐੱਨਆਈਏ ਦੇ ਚਲਾਨ ਨਾਲ ਸਥਿਤੀ ਸਪੱਸ਼ਟ ਹੋ ਸਕਦੀ ਹੈ।