ਨਵੀਂ ਦਿੱਲੀ (ਏਜੰਸੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਹਾਸਲ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੀ ਪਾਰਟੀ 'ਚ ਆਉਣਾ ਚਾਹੁੰਣ ਦਾ ਉਨ੍ਹਾਂ ਦਾ ਸੁਆਗਤ ਹੈ। ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ ਦੌਰਾਨ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕ ਸੰਜੋਏ ਨਾਰਾਇਣ ਨਾਲ ਗਵਰਨੈਂਸ ਦੇ ਮੁੱਦੇ 'ਤੇ ਗੱਲਬਾਤ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਬਦਲਣ ਵਿਚ ਅਜੇ ਥੋੜ੍ਹਾ ਸਮਾਂ ਲੱਗੇਗਾ। ਖ਼ਰਾਬ ਹੋਏ ਸਿਸਟਮ ਨੂੰ ਠੀਕ ਕਰਨ ਲਈ ਥੋੜ੍ਹਾ ਸਮਾਂ ਚਾਹੀਦਾ ਹੈ। ਅਸੀਂ ਚੰਗੀ ਨੀਅਤ ਨਾਲ ਕੰਮ ਕਰ ਰਹੇ ਹਾਂ। ਸਭ ਕੁਝ ਠੀਕ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਚਲਾਉਣਾ ਕੋਈ ਰਾਕਟ ਸਾਇੰਸ ਦੀ ਤਰ੍ਹਾਂ ਨਹੀਂ ਹੈ ਬਲ ਕਿ ਇਸ ਲਈ ਕਾਬਲੀਅਤ ਅਤੇ ਸਮਰੱਥਾ ਚਾਹੀਦੀ ਹੈ। ਅਸੀਂ ਦਿੱਲੀ ਦੀ ਬਿਜਲੀ ਵਿਵਸਥਾ, ਕੂੜਾ ਹਟਾਉਣ ਅਤੇ ਸੜਕਾਂ ਨੂੰ ਠੀਕ ਕਰਨ ਵਿਚ ਲੱਗੇ ਹੋਏ ਹਾਂ। ਸੂਬੇ ਵਿਚ 500 ਦੀ ਥਾਂ ਹੁਣ 1000 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, ਜਿੱਥੇ ਲੋਕਾਂ ਦਾ ਮੁਫ਼ਤ ਇਲਾਜ ਹੋਵੇਗਾ। ਸਕੂਲਾਂ ਦਾ ਦਾਖ਼ਲੇ ਦੀ ਵਿਵਸਥਾ ਨੂੰ ਠੀਕ ਕਰਨ ਵਿਚ ਲੱਗੇ ਹੋਏ ਹਾਂ।
ਪੰਜਾਬ 'ਚ ਕਲੀਨ ਸਵੀਪ ਕਰਾਂਗੇ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤਿਆਰੀ ਦੇ ਸਵਾਲ 'ਤੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਉਥੇ ਦਿੱਲੀ ਦੀ ਤਰ੍ਹਾਂ ਹੀ ਕਲੀਨ ਸਵੀਪ ਕਰਾਂਗੇ। ਅਸੀਂ ਹੁਣ ਤਕ ਪੰਜਾਬ ਵਿਚ ਜਿੰਨੇ ਵੀ ਸਰਵੇ ਕਰਵਾਏ ਹਨ, ਉਸ ਤੋਂ ਸਾਨੂੰ ਰਿਪੋਰਟ ਮਿਲੀ ਹੈ ਕਿ ਅਗਲੇ ਸਾਲ ਉਥੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਸੀਂ ਚੰਗੀ ਜਿੱਤ ਹਾਸਲ ਕਰ ਸਕਦੇ ਹਾਂ। ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਕਿ ਕੀ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਪੰਜਾਬ ਵਿਚ ਤੁਹਾਡੀ ਪਾਰਟੀ 'ਚ ਸ਼ਾਮਲ ਹੋਣਗੇ ਤਾਂ ਕੇਜਰੀਵਾਲ ਨੇ ਕਿਹਾ ਕਿ ਸਮਾਂ ਆਉਣ 'ਤੇ ਪਾਰਟੀ ਦੇ ਚਿਹਰੇ ਦਾ ਖ਼ੁਲਾਸਾ ਹੋ ਜਾਵੇਗਾ। ਹਾਲੇ ਸਾਡੀ ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ, ਪਰ ਜੇਕਰ ਸਿੱਧੂ ਸਾਡੀ ਪਾਰਟੀ ਵਿਚ ਆਉਣਾ ਚਾਹੁੰਣਗੇ ਤਾਂ ਉਨ੍ਹਾਂ ਦਾ ਸੁਆਗਤ ਹੈ।