ਜੇਐਨਐਨ, ਜਲੰਧਰ : ਕੋਰਟ ਬਾਹਰ ਪੇਸ਼ੀ 'ਤੇ ਆਏ ਪਤੀ-ਪਤਨੀ 'ਤੇ ਉਨ੍ਹਾਂ ਦੀ ਨੂੰਹ ਦੇ ਰਿਸ਼ਤੇਦਾਰਾਂ ਨੇ ਹਮਲਾ ਕਰ ਦਿੱਤਾ। ਸਿਵਲ ਹਸਪਤਾਲ 'ਚ ਐਮਐਲਆਰ ਕੱਟਵਾਉਣ ਪੁੱਜੇ ਨਕੋਦਰ ਵਾਸੀ ਅੰਜੂ ਪਤਨੀ ਬਲਬੀਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਨੇ ਦੋ ਸਾਲ ਪਹਿਲਾਂ ਉਨ੍ਹਾਂ 'ਤੇ ਦੋ ਸਾਲ ਪਹਿਲਾਂ ਦਾਜ ਦੀ ਮੰਗ ਦੀ ਧਾਰਾ ਤਹਿਤ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ 'ਚ ਸ਼ਨਿਚਰਵਾਰ ਦੋਵੇਂ ਪਤੀ-ਪਤਨੀ ਜਲੰਧਰ ਅਦਾਲਤ 'ਚ ਪੇਸ਼ੀ 'ਤੇ ਆਏ ਸਨ। ਜਦੋਂ ਉਹ ਪੇਸ਼ੀ ਉਪਰੰਤ ਆਪਣੇ ਵਕੀਲ ਨੂੰ ਮਿਲਣ ਉਸ ਦੇ ਦਫ਼ਤਰ ਵੱਲ ਜਾਣ ਲੱਗੇ ਤਾਂ ਉਨ੍ਹਾਂ ਦੀ ਨੂੰਹ ਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵੇਂ ਪਤੀ-ਪਤਨੀ ਜ਼ਖ਼ਮੀ ਹੋ ਗਏ। ਪੁਲਸ ਨੇ ਮੌਕੇ 'ਤੇ ਪੁੱਜ ਕੇ ਉਨ੍ਹਾਂ ਨੂੰ ਛੁਡਵਾ ਕੇ ਸਿਵਲ ਹਸਪਤਾਲ ਇਲਾਜ ਲਈ ਭੇਜਿਆ।
ਇਸ ਦੌਰਾਨ ਪੁਲਸ ਨੇ ਹਮਲਾ ਕਰਨ ਵਾਲੀ ਉਨ੍ਹਾਂ ਦੀ ਨੂੰਹ ਸਮੇਤ ਤਿੰਨ ਨੂੰ ਹਿਰਾਸਤ 'ਚ ਲੈ ਲਿਆ। ਉਨ੍ਹਾਂ ਦਾ ਦੋਸ਼ ਹੈ ਕਿ ਨਕੋਦਰ ਹਸਪਤਾਲ ਬਾਹਰ ਵੀ ਉਨ੍ਹਾਂ 'ਤੇ 4 ਮਹੀਨੇ ਪਹਿਲਾਂ ਹਮਲਾ ਕੀਤਾ ਗਿਆ ਸੀ। ਇਸ ਤਹਿਤ ਥਾਣਾ ਨਕੋਦਰ 'ਚ ਮਾਮਲਾ ਦਰਜ ਹੈ। ਦੋਸ਼ ਹੈ ਕਿ ਉਨ੍ਹਾਂ 'ਤੇ ਵਾਰ-ਵਾਰ ਹਮਲੇ ਕਾਰਨ ਉਨ੍ਹਾਂ ਦਾ ਪੁੱਤਰ ਲਗਪਗ ਡੇਢ ਸਾਲ ਤੋਂ ਘਰੋਂ ਚਲਾ ਗਿਆ ਹੈ। ਉਹ ਵੀ ਹੁਣ ਫਗਵਾੜਾ 'ਚ ਰਹਿ ਰਹੇ ਹਨ। ਮਾਮਲੇ 'ਚ ਥਾਣਾ ਬਾਰਾਂਦਰੀ ਦੇ ਐਸਐਚਓ ਭੂਸ਼ਣ ਸੇਖੜੀ ਦਾ ਕਹਿਣਾ ਸੀ ਕਿ ਹਾਲੇ ਤਕ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਆਉਂਦੇ ਹੀ ਕਾਰਵਾਈ ਕੀਤੀ ਜਾਵੇਗੀ।