ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਹੀ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇ। ਇੱਥੇ ਇਕ ਪੱਤਰਕਾਰ ਸੰਮੇਲਨ 'ਚ ਕੈਪਟਨ ਨੇ ਕਿਹਾ ਕਿ ਉਮੀਦਵਾਰਾਂ ਦਾ ਐਲਾਨ ਐਨ ਆਖਰੀ ਮੌਕੇ ਕਰਨ ਦੀ ਬਜਾਏ ਪਾਰਟੀ ਛੇ ਮਹੀਨੇ ਪਹਿਲਾਂ ਉਨ੍ਹਾਂ ਦਾ ਐਲਾਨ ਕਰ ਦੇਵੇ ਤਾਂ ਉਮੀਦਵਾਰਾਂ ਨੂੰ ਪ੍ਰਚਾਰ ਲਈ ਕਾਫੀ ਸਮਾਂ ਮਿਲ ਜਾਵੇਗਾ। ਸੂਬਾ ਪ੍ਰਧਾਨ ਨੇ ਕਿਹਾ ਕਿ ਉਹ ਪੰਜਾਬ ਵਿਚ ਵੀ ਬਿਹਾਰ ਦੀ ਤਰਜ਼ 'ਤੇ ਮਹਾਗਠਜੋੜ ਬਣਾਉਣ ਦੇ ਹੱਕ ਵਿਚ ਹਨ ਪਰ ਇਸ ਸਬੰਧੀ ਆਖਰੀ ਫ਼ੈਸਲਾ ਪਾਰਟੀ ਹਾਈ ਕਮਾਂਡ ਕਰੇਗੀ। ਸੂਬੇ ਦੀ ਕਾਰਜਕਾਰਨੀ ਸਬੰਧੀ ਕੈਪਟਨ ਨੇ ਕਿਹਾ ਕਿ ਉਹ ਸੂਬਾ ਕਾਰਜਕਾਰਨੀ ਸਬੰਧੀ ਆਪਣੀ ਸੂਚੀ ਦੋ ਤਿੰਨ ਦਿਨ 'ਚ ਹੀ ਹਾਈ ਕਮਾਂਡ ਨੂੰ ਭੇਜ ਰਹੇ ਹਨ ਅਤੇ ਬਹੁਤ ਛੇਤੀ ਇਸ ਦਾ ਐਲਾਨ ਹੋ ਜਾਵੇਗਾ।
ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ 'ਤੇ ਕੈਪਟਨ ਨੇ ਕਿਹਾ ਕਿ ਕਾਂਗਰਸ 100 ਸਾਲ ਪੁਰਾਣੀ ਵੱਡੀ ਪਾਰਟੀ ਹੈ, ਸਮੁੰਦਰ ਹੈ ਅਤੇ ਇਸ ਵਿਚ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਹਰ ਆਦਮੀ ਦੀ ਆਪਣੀ ਸੋਚ ਹੁੰਦੀ ਹੈ। ਕਾਂਗਰਸ ਨੇ ਤਿੰਨ ਵਾਰ ਸੁਖਪਾਲ ਸਿੰਘ ਖਹਿਰਾ ਨੂੰ ਟਿਕਟਾਂ ਦਿੱਤੀਆਂ ਤੇ ਉਹ ਹਾਰੇ ਵੀ। ਖਹਿਰਾ 'ਤੇ ਸਿੱਧੀ ਟਿੱਪਣੀ ਕਰਨ ਤੋਂ ਬਚਦਿਆਂ ਉਨ੍ਹਾਂ ਬੱਸ ਏਨਾ ਹੀ ਕਿਹਾ ਕਿ ਉਨ੍ਹਾਂ ਦੀ ਪਿਤਾ ਵੀ ਉਨ੍ਹਾਂ ਦੇ ਚੰਗੇ ਦੋਸਤ ਸਨ, ਇਕ ਹੀ ਸਰਕਾਰ ਵਿਚ ਉਹ ਦੋਵੇਂ ਮੰਤਰੀ ਰਹੇ। ਸੁਖਪਾਲ ਉਨ੍ਹਾਂ ਦੇ ਬੇਟੇ ਵਰਗਾ ਹੈ। ਪੱਤਰਕਾਰ ਸੰਮੇਲਨ 'ਚ ਮੌਜੂਦ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਦੱਸਿਆ ਕਿ 1998 'ਚ ਜਦੋਂ ਉਹ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਉਦੋਂ ਉਹ ਦੋਵੇਂ ਸੁਖਪਾਲ ਸਿੰਘ ਖਹਿਰਾ ਦੇ ਘਰ ਗਏ ਸਨ। ਉਹ ਉਨ੍ਹਾਂ ਨੂੰ ਸੂਬਾਈ ਯੂਥ ਕਾਂਗਰਸ ਪ੍ਰਧਾਨ ਬਣਾਉਣਾ ਚਾਹੁੰਦੇ ਸਨ। ਇਸ ਤੋਂ ਜ਼ਿਆਦਾ ਕੋਈ ਪਾਰਟੀ ਕਿਸੇ ਨੂੰ ਕੀ ਸਤਿਕਾਰ ਦੇਵੇਗੀ ਕਿ ਕੋਈ ਸੂਬਾ ਪ੍ਰਧਾਨ ਤੇ ਯੂਥ ਕਾਂਗਰਸ ਦਾ ਕੌਮੀ ਪ੍ਰਧਾਨ ਕਿਸੇ ਨੂੰ ਸੂਬੇ ਦਾ ਯੂਥ ਪ੍ਰਧਾਨ ਬਣਨ ਲਈ ਉਸ ਦੇ ਘਰ ਜਾਵੇ।
ਕੇਂਦਰ ਦੀ ਬਜਾਏ ਪੰਜਾਬ 'ਚ ਦਿਲਚਸਪੀ ਦੇ ਸਵਾਲ 'ਤੇ ਕੈਪਟਨ ਨੇ ਕਿਹਾ ਕਿ ਉਹ 1977 'ਚ ਪਹਿਲੀ ਵਾਰ ਚੋਣ ਲੜੇ ਪਰ ਹਾਰ ਗਏ, ਉਦੋਂ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਵੀ ਹਾਰੇ ਸਨ। 1980 'ਚ ਜਿੱਤ ਕੇ ਲੋਕ ਸਭਾ ਵਿਚ ਪੁੱਜੇ ਤਾਂ ਉਨ੍ਹਾਂ ਨੂੰ ਪੰਜਾਬ ਬਾਰੇ ਜ਼ਿਆਦਾ ਪਤਾ ਨਹੀਂ ਸੀ ਕਿਉਂਕਿ ਉਹ ਫ਼ੌਜ ਤੋਂ ਸਿੱਧਿਆਂ ਸਿਆਸਤ ਵਿਚ ਆ ਗਏ ਸਨ। ਉਹ ਪੰਜਾਬ ਨੂੰ ਸਮਝਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਨੂੰ ਵੀ ਹਮੇਸ਼ਾਂ ਕਿਹਾ ਕਿ ਉਨ੍ਹਾਂ ਦੀ ਦਿਲਚਸਪੀ ਕੇਂਦਰੀ ਸਿਆਸਤ ਦੀ ਬਜਾਏ ਪੰਜਾਬ ਵਿਚ ਹੈ। ਉਹ ਪਿਛਲੀਆਂ ਲੋਕ ਸਭਾ ਚੋਣਾਂ ਵੀ ਨਹੀਂ ਲੜਨੀਆਂ ਚਾਹੁੰਦੇ ਸਨ ਪਰ ਸੋਨੀਆ ਗਾਂਧੀ ਦਾ ਆਦੇਸ਼ ਉਹ ਟਾਲ ਨਾ ਸਕੇ। ਲੋਕ ਸਭਾ ਤੋਂ ਗ਼ੈਰ ਹਾਜ਼ਰ ਰਹਿਣ ਦੇ ਸਵਾਲ 'ਤੇ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਪੰਜਾਬ 'ਚ ਗਰਮੀਆਂ ਦੇ ਮੌਸਮ ਵਿਚ 46 ਰੈਲੀਆਂ ਕੀਤੀਆਂ, ਨੁੱਕੜ ਮੀਟਿੰਗ ਵੀ ਕੀਤੀਆਂ ਕਿਉਂਕਿ ਪੰਜਾਬ 'ਚ ਉਹ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਸਨ।
ਪੰਜਾਬ 'ਚ ਕਾਂਗਰਸ ਦੀਆਂ ਸੰਭਾਵਨਾਵਾਂ ਸਬੰਧੀ ਕੈਪਟਨ ਨੇ ਕਿਹਾ ਕਿ ਕਾਂਗਰਸ ਬਹੁਤ ਮਜ਼ਬੂਤ ਸਥਿਤੀ ਵਿਚ ਹੈ। ਬਰਗਾੜੀ ਕਾਂਡ ਬਾਅਦ ਅਕਾਲੀ ਦਲ ਭਾਜਪਾ ਨੂੰ ਭੋਗ ਪੈ ਗਿਆ ਹੈ, ਆਪ ਦਾ ਜਥੇਬੰਦਕ ਢਾਂਚਾ ਨਹੀਂ, ਉਨ੍ਹਾਂ ਕੋਲ ਕੇਵਲ ਭਾਵਨਾਵਾਂ ਹਨ। ਦਿੱਲੀ 'ਚ ਕੇਜਰੀਵਾਲ ਜ਼ੀਰੋ ਸਾਬਤ ਹੋਏ ਹਨ। ਉਨ੍ਹਾਂ ਕਿਹਾ ਸੀ ਕਿ ਉਹ ਕੋਈ ਅਹੁਦੇ ਨਹੀਂ ਲੈਣਗੇ ਪਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ। ਉਨ੍ਹਾਂ 'ਤੇ ਕੋਈ ਕਿਵੇਂ ਭਰੋਸਾ ਕਰ ਸਕਦਾ ਹੈ।